ਪਹਿਲਾਂ ਅਕਾਲੀਆਂ ਨੇ ਚੁੱਕੀ ਆਵਾਜ਼, ਹੁਣ ਕਾਂਗਰਸੀਆਂ ਨੇ ਸੰਭਾਲੀ ਕਮਾਨ

06/26/2017 2:11:54 AM

ਬਠਿੰਡਾ,  (ਪਰਮਿੰਦਰ)- ਪਿਛਲੇ ਲੰਬੇ ਸਮੇਂ ਤੋਂ ਤ੍ਰਿਵੇਣੀ ਵੱਲੋਂ ਅੱਧ ਵਿਚਕਾਰ ਛੱਡੇ ਕੰਮ ਕਾਰਨ ਚਰਚਾ 'ਚ ਰਹੀ ਸੁਰਖਪੀਰ ਰੋਡ 'ਤੇ ਹੁਣ ਸਿਆਸਤ ਸ਼ੁਰੂ ਹੋ ਗਈ ਹੈ। ਜਿਥੇ ਅਕਾਲੀ ਦਲ ਦੇ ਕੌਂਸਲਰ ਉਕਤ ਸੜਕ ਨੂੰ ਬਣਾਉਣ ਲਈ ਪਹਿਲਾਂ ਤੋਂ ਆਵਾਜ਼ ਚੁੱਕ ਰਹੇ ਸਨ, ਉਥੇ ਹੀ ਸ਼ਨੀਵਾਰ ਨੂੰ ਖੇਤਰ ਦੇ ਕੁਝ ਕਾਂਗਰਸੀ ਆਗੂਆਂ ਨੇ ਨਗਰ ਨਿਗਮ ਦੀ ਟੀਮ ਨਾਲ ਉਕਤ ਸੜਕ 'ਤੇ ਪਹੁੰਚ ਕੇ ਮੌਕਾ ਦੇਖਿਆ। ਲੋਕਾਂ 'ਚ ਇਹ ਚਰਚਾ ਰਹੀ ਕਿ ਸੜਕ ਦਾ ਕੰਮ ਕਰਵਾਉਣ ਦਾ ਕ੍ਰੈਡਿਟ ਲੈਣ ਲਈ ਦੋਵੇਂ ਪਾਰਟੀਆਂ 'ਚ ਹੋੜ ਲੱਗੀ ਹੋਈ ਹੈ। ਪਹਿਲਾਂ ਜਿਥੇ ਅਕਾਲੀ ਦਲ ਦੇ ਕੌਂਸਰਲ ਉਕਤ ਸੜਕ ਦੀ ਹਾਲਤ ਨੂੰ ਲੈ ਕੇ ਸੰਘਰਸ਼ਸ਼ੀਲ ਸਨ, ਉਥੇ ਹੀ ਹੁਣ ਕਾਂਗਰਸੀ ਵੀ ਇਸ ਮਾਮਲੇ ਵਿਚ ਕੁੱਦ ਪਏ ਹਨ।
ਚਿਤਾਵਨੀ ਤੋਂ ਬਾਅਦ ਸ਼ੁਰੂ ਹੋਇਆ ਸੀ ਕੰਮ
ਵਾਰਡ ਨੰਬਰ 40 ਦੀ ਉਕਤ ਸੜਕ 'ਤੇ ਕੁਝ ਸਮਾਂ ਪਹਿਲਾਂ ਤ੍ਰਿਵੇਣੀ ਕੰਪਨੀ ਵੱਲੋਂ ਪਾਈਪਾਂ ਪਾਈਆਂ ਗਈਆਂ ਸੀ ਪਰ ਸੜਕ ਦੀ ਉਸਾਰੀ ਨਹੀਂ ਕੀਤੀ ਗਈ। ਬਾਰਿਸ਼ ਕਾਰਨ ਸੜਕ ਥਾਂ-ਥਾਂ ਤੋਂ ਧਸਣੀ ਸ਼ੁਰੂ ਹੋ ਗਈ, ਜਿਸ ਕਾਰਨ ਲੋਕ ਕਾਫੀ ਪ੍ਰੇਸ਼ਾਨ ਸਨ। ਕਰੀਬ ਇਕ ਮਹੀਨਾ ਪਹਿਲਾਂ ਅਕਾਲੀ ਕੌਂਸਲਰ ਛਿੰਦਰ ਕੌਰ ਤੇ ਉਨ੍ਹਾਂ ਦੇ ਪਤੀ ਬੰਤ ਸਿੰਘ ਸਿੱਧੂ ਨੇ ਸੜਕ ਦੇ ਮੁੱਦੇ ਨੂੰ ਉਠਾਇਆ ਤੇ ਲੋਕਾਂ ਨੂੰ ਤੁਰੰਤ ਰਾਹਤ ਦੇਣ ਦੀ ਮੰਗ ਕੀਤੀ। ਇਸ ਸਬੰਧ 'ਚ ਉਨ੍ਹਾਂ 10 ਦਿਨ ਪਹਿਲਾਂ ਨਗਰ ਨਿਗਮ ਕਮਿਸ਼ਨਰ ਅਤੇ ਮੇਅਰ ਨੂੰ ਮੰਗ ਪੱਤਰ ਵੀ ਸੌਂਪਿਆ ਤੇ ਚਿਤਾਵਨੀ ਦਿੱਤੀ ਕਿ 10 ਦਿਨਾਂ 'ਚ ਕੰਮ ਸ਼ੁਰੂ ਨਾ ਹੋਇਆ ਤਾਂ ਲੋਕਾਂ ਨੂੰ ਨਾਲ ਲੈ ਕੇ ਮੁਲਤਾਨੀਆ ਪੁਲ 'ਤੇ ਚੱਕਾ ਜਾਮ ਕੀਤਾ ਜਾਵੇਗਾ। ਬੰਤ ਸਿੰਘ ਅਨੁਸਾਰ ਨਿਗਮ ਨੇ ਉਕਤ ਚਿਤਾਵਨੀ ਤੋਂ ਬਾਅਦ ਕੁਝ ਗਲੀਆਂ 'ਚ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ ਤੇ ਸੜਕ ਦੀ ਹਾਲਤ ਨੂੰ ਜਲਦ ਸੁਧਾਰਨ ਦਾ ਭਰੋਸਾ ਦਿੱਤਾ ਸੀ।
ਕਾਂਗਰਸੀਆਂ ਨੇ ਵੀ ਚੁੱਕਿਆ ਮੁੱਦਾ
ਪਤਾ ਲੱਗਾ ਹੈ ਕਿ ਬੀਤੇ ਦਿਨੀਂ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ ਦੀ ਅਗਵਾਈ ਵਿਚ ਉਕਤ ਵਾਰਡ ਵਿਚ ਕਾਂਗਰਸੀਆਂ ਦੀ ਇਕ ਮੀਟਿੰਗ ਹੋਈ ਸੀ, ਜਿਸ ਵਿਚ ਉਕਤ ਮੁੱਦਾ ਕਾਂਗਰਸੀ ਆਗੂ ਚਮਕੌਰ ਸਿੰਘ ਮਾਨ ਵੱਲੋਂ ਚੁੱਕਿਆ ਗਿਆ ਸੀ। ਇਸ ਤੋਂ ਬਾਅਦ ਜੌਹਲ ਨੇ ਨਿਗਮ ਅਧਿਕਾਰੀਆਂ ਨੂੰ ਹਿਦਾਇਤਾਂ ਦਿੱਤੀਆਂ ਸਨ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕੀਤਾ ਜਾਵੇ। ਸ਼ਨੀਵਾਰ ਨੂੰ ਕਾਂਗਰਸੀ ਆਗੂ ਚਮਕੌਰ ਸਿੰਘ ਮਾਨ ਨਾਲ ਨਿਗਮ ਐਕਸੀਅਨ ਦਵਿੰਦਰ ਜੌੜਾ ਤੇ ਸੀਵਰੇਜ ਬੋਰਡ ਦੇ ਐੱਸ. ਡੀ. ਓ. ਮੌਕਾ ਦੇਖਣ ਪਹੁੰਚੇ। ਚਮਕੌਰ ਸਿੰਘ ਮਾਨ ਨੇ ਅਧਿਕਾਰੀਆਂ ਨੂੰ ਪੂਰੀ ਸੜਕ 'ਤੇ ਹੋਣ ਵਾਲੇ ਕੰਮ ਤੋਂ ਜਾਣੂ ਕਰਵਾਇਆ ਤੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ।