ਬੇਮੌਸਮੀ ਬਾਰਿਸ਼ ਕਾਰਨ ਗਰੀਬ ਜਨਤਾ ’ਤੇ ਪਵੇਗੀ ਮਹਿੰਗਾਈ ਦੀ ਮਾਰ

04/21/2023 1:30:55 PM

ਲੁਧਿਆਣਾ (ਖੁਰਾਣਾ) : ਬੇਮੌਸਮੀ ਬਾਰਿਸ਼ ਕਾਰਨ ਕਣਕ ਦੀ ਫਸਲ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਈ ਹੈ। ਅਜਿਹੇ ’ਚ ਫਸਲ ਦੀ ਖਰੀਦ ਲਈ ਤੈਅ ਕੀਤੇ ਸਰਕਾਰੀ ਮਾਪਦੰਡ ਕਿਸਾਨਾਂ ਲਈ ਵੱਡੀ ਰੁਕਾਵਟ ਬਣੇ ਹੋਏ ਹਨ, ਜਿਸ ਨੂੰ ਦੇਖਦੇ ਹੋਏ ਅਨਾਜ ਮੰਡੀਆਂ ’ਚ ਪ੍ਰਾਈਵੇਟ ਟ੍ਰੇਡਰ ਅਤੇ ਦਲਾਲ ਕਣਕ ਦੇ ਵੱਡੇ ਸਟਾਕ ਜਮ੍ਹਾ ਕਰਨ ਲਈ ਸਰਗਰਮ ਹੋ ਗਏ ਹਨ। ਟ੍ਰੇਡ ਨਾਲ ਜੁੜੇ ਮਾਹਿਰਾਂ ਦੀ ਮੰਨੀਏ ਤਾਂ ਪ੍ਰਾਈਵੇਟ ਮਿੱਲਰਾਂ ਅਤੇ ਵਪਾਰੀਆਂ ਦੇ ਵੱਡੇ ਗੋਦਾਮਾਂ ’ਤੇ ਕਣਕ ਦੀ ਵੱਡੇ ਪੱਧਰ ’ਤੇ ਹੋ ਰਹੀ ਜਮ੍ਹਾਖੋਰੀ ਕਾਰਨ ਆਉਣ ਵਾਲੇ ਦਿਨਾਂ ’ਚ ਬਾਜ਼ਾਰ ’ਚ ਕਣਕ ਦੀ ਭਾਰੀ ਕਿੱਲਤ ਦੇਖਣ ਨੂੰ ਮਿਲੇਗੀ, ਜਿਸ ਕਾਰਨ ਆਟੇ ਦੀ ਥੈਲੀ ਦੀ ਕੀਮਤ 450 ਰੁ. ਤੱਕ ਪੁੱਜਣ ਦੀਆਂ ਸੰਭਾਵਨਾਵਾਂ ਪ੍ਰਗਟ ਕੀਤੀਆਂ ਜਾ ਰਹੀਆਂ ਹਨ। ਇੱਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਮੌਜੂਦਾ ਸਮੇਂ ਦੌਰਾਨ ਬਾਜ਼ਾਰ ’ਚ ਆਟੇ ਦੀ ਥੈਲੀ 320 ਤੋਂ ਲੈ ਕੇ 340 ਰੁ. ਤੱਕ ਬੜੀ ਆਸਾਨੀ ਨਾਲ ਮਿਲ ਰਹੀ ਹੈ, ਜਦੋਂਕਿ ਆਗਾਮੀ ਦਿਨਾਂ ’ਚ ਕਣਕ ਦੀ ਜਮ੍ਹਾਖੋਰੀ, ਮੁਨਾਫਾਖੋਰੀ ਅਤੇ ਕਾਲਾਬਾਜ਼ਾਰੀ ਕਾਰਨ ਆਮ ਜਨਤਾ ’ਤੇ ਮਹਿੰਗਾਈ ਦੀ ਭਾਰੀ ਮਾਰ ਪੈਣ ਦੀਆਂ ਸੰਭਾਵਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਦਾਣਾ ਮੰਡੀ ਜਲਥਲ : ‘ਸੋਨੇ ਰੰਗੀ’ ’ਤੇ ਬਾਰਿਸ਼ ਦਾ ਕਹਿਰ, ਹਜ਼ਾਰਾਂ ਬੋਰੀਆਂ ਕਣਕ ਨੁਕਸਾਨੀ    

ਅਸਲ ਵਿਚ ਬਾਰਿਸ਼ ਕਾਰਨ ਕਣਕ ਨੂੰ ਮਾਰ ਪੈਣ ਦੀਆਂ ਸੰਭਾਵਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਬਾਰਿਸ਼ ਕਾਰਨ ਕਣਕ ਦਾ ਰੰਗ ਦੇ ਆਕਾਰ ’ਤੇ ਅਸਰ ਪੈਣ ਦੇ ਨਾਲ ਹੀ ਸਰਕਾਰ ਵਲੋਂ ਨਿਰਧਾਰਤ ਨਮੀ ਤੋਂ ਵੱਧ ਨਮੀਂ ਹੋਣ ਕਾਰਨ ਏਜੰਸੀਆਂ ਵਲੋਂ ਮਾਲ ਖਰੀਦਣ ਵਿਚ ਕੋਈ ਖਾਸ ਦਿਲਚਸਪੀ ਨਹੀਂ ਦਿਖਾਈ ਗਈ। ਵਿਭਾਗੀ ਅੰਕੜਿਆਂ ਮੁਤਾਬਕ ਪ੍ਰਾਈਵੇਟ ਟ੍ਰੇਡਰਾਂ ਵਲੋਂ ਮੌਜੂਦਾ ਸਮੇਂ ਤੱਕ ਅਨਾਜ ਮੰਡੀਆਂ ਤੋਂ 35443 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਵਿਭਾਗੀ ਸੂਤਰਾਂ ਮੁਤਾਬਕ ਪ੍ਰਾਈਵੇਟ ਟ੍ਰੇਡਰਾਂ ਵਲੋਂ ਅਨਾਜ ਮੰਡੀਆਂ ਵਿਚ ਕਣਕ ਲੈ ਕੇ ਪੁੱਜਣ ਵਾਲੇ ਕਿਸਾਨਾਂ ਅਤੇ ਜ਼ਿਮੀਂਦਾਰ ਭਾਈਚਾਰੇ ਨੂੰ ਸਰਕਾਰ ਵਲੋਂ ਕਣਕ ਦੇ ਨਿਰਧਾਰਤ ਕੀਤੇ ਸਮਰਥਨ ਮੁੱਲ ਤੋਂ ਜ਼ਿਆਦਾ ਰਾਸ਼ੀ ਦੇ ਕੇ ਵੀ ਮਾਲ ਦੀ ਖਰੀਦੀ ਕੀਤੀ ਜਾ ਰਹੀ ਹੈ। ਕਾਬਿਲੇਗੌਰ ਹੈ ਕਿ ਕਣਕ ਦੇ ਪਿਛਲੇ ਸੀਜ਼ਨ ਦੇ ਮੁਕਾਬਲੇ ਮੌਜੂਦਾ ਸਮੇਂ ਦੌਰਾਨ ਕਣਕ ਦੀ ਪੈਦਾਵਾਰ ਕਰੀਬ 15 ਫੀਸਦੀ ਘੱਟ ਹੋਣ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਹਨ, ਜਿਸ ਕਾਰਨ ਬਾਜ਼ਾਰ ’ਚ ਕਣਕ ਦੀ ਕਿੱਲਤ ਹੋਣ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਹਨ।

ਕੀ ਕਹਿੰਦੇ ਹਨ ਆਟਾ ਚੱਕੀ ਮਾਲਕਾ ਦਾ
ਆਟਾ ਚੱਕੀ ਮਾਲਕ ਰਿੰਕੂ ਕੋਚਰ ਨੇ ਕਿਹਾ ਕਿ ਅਨਾਜ ਮੰਡੀਆਂ ’ਚੋਂ ਵੱਡੇ ਟ੍ਰੇਡਰ ਧੜਾਧੜ ਕਣਕ ਖਰੀਦ ਰਹੇ ਹਨ। ਉਨ੍ਹਾਂ ਨੇ ਸ਼ੱਕ ਪ੍ਰਗਟ ਕੀਤਾ ਕਿ ਆਉਣ ਵਾਲੇ ਸਮੇਂ ’ਚ 10 ਕਿਲੋ ਵਾਲੀ ਥੈਲੀ ਦੀ ਕੀਮਤ 450 ਰੁ. ਤੱਕ ਪੁੱਜ ਸਕਦੀ ਹੈ, ਜਿਸ ਕਾਰਨ ਗਰੀਬਾਂ ’ਤੇ ਮਹਿੰਗਾਈ ਦੀ ਗਾਜ ਡਿੱਗਣੀ ਤੈਅ ਹੈ। ਰਿੰਕੂ ਕੋਚਰ ਨੇ ਕਿਹਾ ਕਿ ਜੇਕਰ ਸਰਕਾਰ ਵਲੋਂ ਸਮੇਂ ਸਿਰ ਮੁਨਾਫਾਖੋਰਾਂ, ਜਮ੍ਹਾਖੋਰਾਂ ਤੇ ਕਾਲਾਬਾਜ਼ਾਰੀਆਂ ਖਿਲਾਫ ਨਕੇਲ ਨਾ ਕੱਸੀ ਗਈ ਤਾਂ ਹਾਲਾਤ ਬਦ ਤੋਂ ਬਦਤਰ ਹੋ ਜਾਣਗੇ।

ਹਾਲ ਦੀ ਘੜੀ ਕੁਝ ਵੀ ਕਹਿਣਾ ਉੱਚਿਤ ਨਹੀਂ
ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੀ ਕੰਟ੍ਰੋਲਰ ਮੈਡਮ ਸ਼ਿਫਾਲੀ ਨੇ ਕਿਹਾ ਕਿ ਕਣਕ ਦਾ ਸੀਜ਼ਨ ਅਜੇ ਚੱਲ ਰਿਹਾ ਹੈ। ਇਸ ਲਈ ਕੁਝ ਵੀ ਕਹਿਣਾ ਹਾਲ ਦੀ ਘੜੀ ਠੀਕ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਖਾਧ ਪਦਾਰਥਾਂ ਦੀਆਂ ਕੀਮਤਾਂ ਲਗਾਤਾਰ ਘੱਟ ਰੱਖਣ ਲਈ ਵਚਨਬੱਧ ਹੈ ਅਤੇ ਆਟੇ ਦੀਆਂ ਕੀਮਤਾਂ ’ਤੇ ਪੂਰੀ ਤਰ੍ਹਾਂ ਕੰਟਰੋਲ ਰੱਖਣ ਲਈ ਨੀਤੀ ਅਪਣਾਈ ਜਾਵੇਗੀ।

ਇਹ ਵੀ ਪੜ੍ਹੋ : ਮੀਂਹ : 3 ਘੰਟਿਆਂ ’ਚ 10 ਡਿਗਰੀ ਡਿਗਿਆ ਪਾਰਾ, 2 ਸਾਲ ਬਾਅਦ ਅਪ੍ਰੈਲ ਮਹੀਨੇ ’ਚ ਪਿਆ ਮੀਂਹ    

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Anuradha

This news is Content Editor Anuradha