ਪੁਲਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਆਵਾਰਾ ਮਜ਼ਨੂਆਂ ਦੇ ਹੌਸਲੇ ਬੁਲੰਦ

05/21/2018 5:49:23 AM

ਸੁਲਤਾਨਪੁਰ ਲੋਧੀ, (ਸੋਢੀ)- ਪਾਵਨ ਨਗਰੀ ਸੁਲਤਾਨਪੁਰ ਲੋਧੀ ਦੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਅੱਗੇ ਸਵੇਰੇ ਸਕੂਲ ਲੱਗਣ ਸਮੇਂ ਤੇ ਦੁਪਹਿਰ ਨੂੰ ਛੁੱਟੀ ਹੋਣ ਸਮੇਂ ਆਵਾਰਾ ਕਿਸਮ ਦੇ ਮਜ਼ਨੂੰਆਂ ਵਲੋਂ ਸਕੂਲ ਪੜ੍ਹਨ ਆਉਂਦੀਆਂ ਲੜਕੀਆਂ ਨੂੰ ਬੇਹੱਦ ਪ੍ਰੇਸ਼ਾਨ ਕੀਤੇ ਜਾਣ ਦੀਆਂ ਖਬਰਾਂ ਹਨ। ਸਕੂਲ ਅਧਿਆਪਕਾਂ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਪਹਿਲਾਂ ਤਾਂ ਮੋਟਰਸਾਈਕਲਾਂ 'ਤੇ ਤਿੰਨ-ਤਿੰਨ ਚਾਰ-ਚਾਰ ਸਵਾਰ ਹੋ ਕੇ ਆਉਂਦੇ ਮਜ਼ਨੂੰ ਸਿਰਫ ਸਕੂਲ ਆਉਂਦੀਆਂ ਲੜਕੀਆਂ ਦਾ ਹੀ ਪਿੱਛਾ ਕਰਦੇ ਤੇ ਤੰਗ ਪ੍ਰੇਸ਼ਾਨ ਕਰਦੇ ਸਨ ਪ੍ਰੰਤੂ ਹੁਣ ਕੁਝ ਹਫਤਿਆਂ ਤੋਂ ਸ਼ਰਾਰਤੀ ਮੁੰਡਿਆਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਸਕੂਲ ਪੜ੍ਹਾਉਣ ਲਈ ਆਉਂਦੀਆਂ ਮਹਿਲਾ ਅਧਿਆਪਕਾਂ ਨੂੰ ਵੀ ਗੰਦੇ-ਗੰਦੇ ਫਿਕਰੇ ਕੱਸ ਕੇ ਪ੍ਰੇਸ਼ਾਨ ਕਰਨ ਲੱਗੇ ਹਨ। ਇਸ ਸਬੰਧੀ ਅਧਿਆਪਕ ਆਗੂ ਸੁਖਚੈਨ ਸਿੰਘ ਨੇ ਦੱਸਿਆ ਕਿ ਸਕੂਲ ਪ੍ਰਿੰਸੀਪਲ ਤੇ ਹੋਰ ਸਮੂਹ ਸਟਾਫ ਵੀ ਸੁਲਤਾਨਪੁਰ ਪੁਲਸ ਦੀ ਢਿੱਲ-ਮੱਠ ਕਾਰਨ ਹੈਰਾਨ ਹੈ। 
ਉਨ੍ਹਾਂ ਦੱਸਿਆ ਕਿ ਸਕੂਲ ਅਧਿਆਪਕ ਪਹਿਲਾਂ ਵੀ ਕਈ ਵਾਰ ਅਖਬਾਰਾਂ ਰਾਹੀਂ ਤੇ ਪੁਲਸ ਨੂੰ ਫੋਨ 'ਤੇ ਵੀ ਸ਼ਰਾਰਤੀ ਮੁੰਡਿਆਂ ਦੀਆਂ ਹਰਕਤਾਂ ਬਾਰੇ ਸੂਚਿਤ ਕਰ ਚੁੱਕੇ ਹਨ ਤੇ ਪੁਲਸ ਵਲੋਂ ਕੁਝ ਦਿਨ ਪੀ. ਸੀ. ਆਰ. ਵਾਲੇ ਇਥੇ ਭੇਜ ਕੇ ਸਿਰਫ ਖਾਨਾਪੂਰਤੀ ਹੀ ਕੀਤੀ ਜਾਂਦੀ ਹੈ ਤੇ ਫਿਰ ਕੁਝ ਦਿਨ ਬਾਅਦ ਪੁਲਸ ਦੀ ਗਸ਼ਤ ਬੰਦ ਹੋ ਜਾਂਦੀ ਹੈ, ਇਸ ਤਰ੍ਹਾਂ ਸਕੂਲ ਵਿਚ ਪੜ੍ਹਾਈ ਕਰਨ ਆਉਂਦੀਆਂ ਲੜਕੀਆਂ ਤੇ ਉਨ੍ਹਾਂ ਦੇ ਮਾਪੇ ਜਿਥੇ ਬਹੁਤ ਪ੍ਰੇਸ਼ਾਨ ਹਨ, ਉਥੇ ਹੁਣ ਤਾਂ ਲੇਡੀ ਅਧਿਆਪਕਾਵਾਂ ਵੀ ਮੰਡੀਰ ਦੀਆਂ ਹਰਕਤਾਂ ਕਾਰਨ ਭਾਰੀ ਤਣਾਅ ਵਿਚ ਡਰ-ਡਰ ਕੇ ਸਕੂਲ ਆ ਰਹੀਆਂ ਹਨ। 
ਅਧਿਆਪਕ ਆਗੂ ਸੁਖਚੈਨ ਸਿੰਘ ਤੇ ਹੋਰ ਅਧਿਆਪਕਾਂ ਦੀ ਸੀਨੀਅਰ ਪੁਲਸ ਅਧਿਕਾਰੀਆਂ ਤੋਂ ਇਹ ਜ਼ੋਰਦਾਰ  ਮੰਗ ਹੈ ਕਿ ਇਸ ਸਮੱਸਿਆ ਵੱਲ ਧਿਆਨ ਦਿੱਤਾ ਜਾਵੇ ਤੇ ਆਵਾਰਾ ਮਜ਼ਨੂੰਆਂ ਨੂੰ ਸਬਕ ਸਿਖਾਇਆ ਜਾਵੇ। ਉਨ੍ਹਾਂ ਦੱਸਿਆ ਕਿ ਸਕੂਲ ਛੁੱਟੀ ਹੋਣ ਤੋਂ ਬਾਅਦ ਗਰਲਜ਼  ਸਕੂਲ ਦੇ ਅੱਗੇ ਸ਼ਰਾਰਤੀ ਨੌਜਵਾਨਾਂ ਦਾ ਤਾਂਤਾ ਲੱਗ ਜਾਂਦਾ ਹੈ ਪਰ ਕੋਈ ਵੀ ਪੁਲਸ ਅਫਸਰ ਇਕ ਇਕ ਮੋਟਰਸਾਈਕਲ ਤੇ ਚਾਰ-ਚਾਰ ਸਵਾਰ ਹੋ ਕੇ ਫਿਰਦੀ ਮੰਡੀਰ ਨੂੰ ਫੜਦਾ ਨਹੀਂ ਹੈ।
ਸ਼ਰਾਰਤੀ ਮੰਡੀਰ ਨੂੰ ਨੁਕੇਲ ਪਾਉਣ ਲਈ ਵਰਤੀ ਜਾਵੇਗੀ ਸਖਤੀ : ਐੱਸ. ਐੱਚ. ਓ.  
ਇਸ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਕੁਝ ਦਿਨ ਪੁਲਸ ਫੋਰਸ ਦੀ ਡਿਊਟੀ ਦੂਜੇ ਸ਼ਹਿਰਾਂ ਵਿਚ ਲੱਗੀ ਹੋਈ ਸੀ, ਜਿਸ ਕਾਰਨ ਪੁਲਸ ਕਾਰਵਾਈ ਵਿਚ ਥੋੜ੍ਹੀ ਢਿੱਲ-ਮੱਠ ਆਈ ਸੀ ਪ੍ਰੰਤੂ ਹੁਣ ਕਲ ਤੋਂ ਹੀ ਸਖਤ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਤੇ ਸ਼ਰਾਰਤੀ ਮੰਡੀਰ ਨੂੰ ਨਕੇਲ ਪਾਈ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਕੁਝ ਮਹੀਨੇ ਪਹਿਲਾਂ ਜਿਨ੍ਹਾਂ ਦੇ ਮੋਟਰਸਾਈਕਲਾਂ ਦੇ ਪਟਾਖੇ ਮਾਰਨ ਵਾਲੇ ਸਲੰਸਰ ਪੁਲਸ ਵਲੋਂ ਲੁਹਾਏ ਗਏ ਸਨ ਉਨ੍ਹਾਂ ਦੁਬਾਰਾ ਫਿਰ ਹੋਰ ਭਿਆਨਕ ਆਵਾਜ਼ ਕੱਢਣ ਵਾਲੇ ਸਲੰਸਰ ਲਗਵਾ ਲਏ ਹਨ, ਜਿਨ੍ਹਾਂ ਦੇ ਮੋਟਰਸਾਈਕਲ ਵੀ ਚੈਕ ਕਰਕੇ ਬੰਦ ਕੀਤੇ ਜਾਣਗੇ। ਇੰਸਪੈਕਟਰ ਸਰਬਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਗਰਲਜ਼ ਸਕੂਲ ਅੱਗੇ ਗੇੜੀਆਂ ਮਾਰਨ ਵਾਲੇ ਛੋਟੀ ਉਮਰ ਦੇ ਹੀ ਨੌਜਵਾਨ ਹਨ ਜੋ ਵੱਖ-ਵੱਖ ਸਕੂਲਾਂ ਵਿਚ ਘਰੋਂ  ਪੜ੍ਹਨ  ਦੇ ਬਹਾਨੇ ਆ ਕੇ ਮੋਟਰਸਾਈਕਲ 'ਤੇ ਲੜਕੀਆਂ ਮਗਰ ਫਿਰਦੇ ਰਹਿੰਦੇ ਹਨ, ਜਿਨ੍ਹਾਂ ਨੂੰ ਵੀ ਹੁਣ ਸਬਕ ਸਿਖਾਇਆ ਜਾਵੇਗਾ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਮੋਟਰਸਾਈਕਲਾਂ 'ਤੇ ਆਵਾਰਾ ਘੁੰਮਣ ਤੇ ਲੜਕੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਬੱਚਿਆਂ ਨੂੰ ਸਮਝਾਉਣ ਨਹੀ ਤਾਂ ਪੁਲਸ ਵਲੋਂ ਫੜ ਕੇ ਕੇਸ ਦਰਜ ਕਰਕੇ ਜੇਲ ਭੇਜੇ ਜਾਣਗੇ।