ਪਾਣੀ ਦੀ ਲੀਕੇਜ ਕਾਰਨ ਨਵੀਂ ਬਣੀ ਸੜਕ ਨੂੰ ਖਤਰਾ

07/14/2017 11:50:04 PM

ਰੂਪਨਗਰ, (ਕੈਲਾਸ਼)- ਚੋਆ ਮੁਹੱਲਾ ਤੋਂ ਬੇਲਾ ਮਾਰਗ ਨੂੰ ਜੋੜਨ ਵਾਲੀ ਨਵੀਂ ਬਣੀ ਸੜਕ 'ਤੇ ਹੋ ਰਹੀ ਪਾਣੀ ਦੀ ਲੀਕੇਜ ਕਾਰਨ ਸੜਕ ਦੇ ਟੁੱਟਣ ਦਾ ਖਤਰਾ ਪੈਦਾ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਹਿਬਜ਼ਾਦਾ ਜੁਝਾਰ ਸਿੰਘ ਨਗਰ ਦੇ ਵਾਸੀ ਜਰਨੈਲ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਨਵੀਂ ਬਣੀ ਸੜਕ 'ਤੇ ਪਾਣੀ ਦੀ ਲਗਾਤਾਰ ਹੋ ਰਹੀ ਲੀਕੇਜ ਕਾਰਨ ਜਿਥੇ ਰੋਜ਼ਾਨਾ ਵੱਡੀ ਮਾਤਰਾ 'ਚ ਪਾਣੀ ਦੀ ਬਰਬਾਦੀ ਹੋ ਰਹੀ ਹੈ ਅਤੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਨਵੀਂ ਸੜਕ ਦੇ ਟੁੱਟਣ ਦਾ ਖਤਰਾ ਵੀ ਪੈਦਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਵਾਸੀਆਂ ਵੱਲੋਂ ਲੀਕੇਜ ਦੇ ਪ੍ਰੈਸ਼ਰ ਨੂੰ ਘੱਟ ਕਰਨ ਲਈ ਭਾਰੀ ਪੱਥਰ ਵੀ ਰੱਖੇ ਗਏ ਹਨ ਪਰ ਪਾਣੀ ਲਗਾਤਾਰ ਲੀਕ ਹੋ ਰਿਹਾ ਹੈ। ਇਸ ਸਬੰਧ 'ਚ ਉਹ ਪਹਿਲਾਂ ਵੀ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਦੱਸ ਚੁੱਕੇ ਹਨ ਪਰ ਕਿਸੇ ਵੀ ਅਧਿਕਾਰੀ ਨੇ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਜ਼ਿਲਾ ਪ੍ਰਸ਼ਾਸਨ ਤੋਂ ਲੀਕੇਜ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ।