ਹਾਈਟੈਕ ਨਾਕੇ ਦੀ ਚੈਕਿੰਗ ਲਈ ਜ਼ਿਲਾ ਕਪੂਰਥਲਾ ਪੁੱਜੇ ਡੀ. ਜੀ. ਪੀ.

11/05/2017 6:09:09 AM

ਕਪੂਰਥਲਾ, (ਭੂਸ਼ਣ)- ਸੂਬੇ ਭਰ 'ਚ ਸਰਗਰਮ ਅਪਰਾਧੀਆਂ ਨੂੰ ਸਲਾਖਾਂ ਪਿੱਛੇ ਭੇਜਣ ਦੇ ਮਕਸਦ ਨਾਲ ਪੰਜਾਬ ਪੁਲਸ ਵਲੋਂ ਪੂਰੇ ਸੂਬੇ 'ਚ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਡੀ. ਜੀ. ਪੀ. ਪੰਜਾਬ ਵੱਲੋਂ ਸਾਰੇ ਜ਼ਿਲਿਆਂ 'ਚ ਲੱਗਣ ਵਾਲੇ ਹਾਈਟੈਕ ਨਾਕਿਆਂ ਦੀ ਚੈਕਿੰਗ ਕਰਨ ਦੀ ਲੜੀ 'ਚ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਸ਼ਨੀਵਾਰ ਨੂੰ ਅੰਮ੍ਰਿਤਸਰ-ਕਰਤਾਰਪੁਰ ਨੈਸ਼ਨਲ ਹਾਈਵੇ 'ਤੇ ਪੈਂਦੇ ਢਿੱਲਵਾਂ ਹਾਈਟੈਕ ਨਾਕੇ ਦਾ ਦੌਰਾ ਕੀਤਾ। ਜਿਸ ਦੌਰਾਨ ਉਨ੍ਹਾਂ ਨੇ ਮੌਕੇ 'ਤੇ ਮੌਜੂਦ ਪੁਲਸ ਕਰਮਚਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਦਿਸ਼ਾ-ਨਿਰਦੇਸ਼ ਦਿੱਤੇ। 
ਰੇਂਜ ਤੇ ਜ਼ੋਨ ਪੱਧਰ 'ਤੇ ਤਾਲਮੇਲ ਰੱਖਣ ਦੇ ਦਿੱਤੇ ਹੁਕਮ
ਜ਼ਿਲਾ ਪੁਲਸ ਵਲੋਂ ਢਿੱਲਵਾਂ 'ਚ ਲਾਏ ਜਾ ਰਹੇ ਹਾਈਟੈਕ ਨਾਕੇ ਦਾ ਦੌਰਾ ਕਰਨ ਲਈ ਵਿਸ਼ੇਸ਼ ਤੌਰ 'ਤੇ ਪੁੱਜੇ ਡੀ. ਜੀ. ਪੀ. ਪੰਜਾਬ ਸੁਰੇਸ਼ ਅਰੋੜਾ ਨੇ ਨਾਕੇ 'ਤੇ ਤਾਇਨਾਤ ਸਾਰੇ ਪੁਲਸ ਕਰਮਚਾਰੀਆਂ ਨੂੰ ਰੇਂਜ ਅਤੇ ਜ਼ੋਨ ਪੱਧਰ 'ਤੇ ਆਪਸੀ ਤਾਲਮੇਲ ਰੱਖਣ ਲਈ ਹੁਕਮ ਦਿੱਤੇ। ਉਨ੍ਹਾਂ ਮੌਕੇ 'ਤੇ ਤਾਇਨਾਤ ਪੁਲਸ ਕਰਮਚਾਰੀਆਂ ਨੂੰ ਕਿਸੇ ਵੀ ਸ਼ੱਕੀ ਵਿਅਕਤੀ ਨੂੰ ਵੇਖਣ ਦੀ ਸੂਰਤ 'ਚ ਸੂਬੇ ਦੇ ਸਾਰੇ ਹਾਈਟੈਕ ਨਾਕਿਆਂ ਨੂੰ ਅਲਰਟ ਜਾਰੀ ਕਰਨ ਸੰਬੰਧੀ ਦਿਸ਼ਾ-ਨਿਰਦੇਸ਼ ਦਿੱਤੇ ਤਾਂ ਜੋ ਆਪਸੀ ਤਾਲਮੇਲ ਕਰਕੇ ਅਪਰਾਧੀਆਂ ਨੂੰ ਮੌਕੇ 'ਤੇ ਫੜਿਆ ਜਾ ਸਕੇ। ਉਨ੍ਹਾਂ ਨੇ ਨਾਕਾ ਟੀਮ ਨੂੰ ਸ਼ੱਕੀ ਗੱਡੀਆਂ 'ਤੇ ਵਿਸ਼ੇਸ਼ ਨਜ਼ਰ ਰੱਖਣ ਦੀ ਗੱਲ ਕਹੀ। ਜਿਸ ਸੰਬੰਧੀ ਉਨ੍ਹਾਂ ਨੇ ਪੁਲਸ ਮੁਲਾਜ਼ਮਾਂ ਨੂੰ ਕਈ ਟਿਪਸ ਦਿੱਤੇ। 
ਵਧੀਆ ਕੰਮ ਕਰਨ ਵਾਲੇ ਪੁਲਸ ਕਰਮਚਾਰੀਆਂ ਨੂੰ ਸਨਮਾਨਿਤ ਕਰਨ ਦਾ ਕੀਤਾ ਐਲਾਨ
ਇਸ ਮੌਕੇ ਮੌਜੂਦ ਪੁਲਸ ਕਰਮਚਾਰੀਆਂ ਅਤੇ ਅਫਸਰਾਂ ਨੂੰ ਸੰਬੋਧਨ ਕਰਦੇ ਹੋਏ ਡੀ. ਜੀ. ਪੀ. ਪੰਜਾਬ ਸੁਰੇਸ਼ ਅਰੋੜਾ ਨੇ ਕਿਹਾ ਕਿ ਵਧੀਆ ਕੰਮ ਕਰਨ ਵਾਲੇ ਪੁਲਸ ਮੁਲਾਜ਼ਮਾਂ ਅਤੇ ਅਫਸਰਾਂ ਨੂੰ ਲਗਾਤਾਰ ਸਨਮਾਨਿਤ ਕੀਤਾ ਜਾ ਰਿਹਾ ਹੈ, ਤਾਂਕਿ ਹੋਰ ਵੀ ਪੁਲਸ ਮੁਲਾਜ਼ਮਾਂ ਨੂੰ ਕੰਮ ਕਰਨ ਸੰਬੰਧੀ ਉਤਸ਼ਾਹ ਮਿਲੇ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ 'ਚ ਵਧੀਆ ਕਾਰਜਗੁਜ਼ਾਰੀ ਕਰਨ ਵਾਲੇ ਪੁਲਸ ਕਰਮਚਾਰੀਆਂ ਨੂੰ ਵਿਭਾਗ 
'ਚ ਤਰੱਕੀ ਵੀ ਦਿੱਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਸਾਰੇ ਪੁਲਸ ਮੁਲਾਜ਼ਮਾਂ ਅਤੇ ਅਫਸਰਾਂ ਕੋਲੋਂ ਅਪਰਾਧ ਵਿਰੋਧੀ ਮੁਹਿੰਮ ਸੰਬੰਧੀ ਜਾਣਕਾਰੀ ਲਈ। ਇਸ ਮੌਕੇ 'ਤੇ ਡੀ. ਜੀ. ਪੀ. ਪੰਜਾਬ ਸੁਰੇਸ਼ ਅਰੋੜਾ ਨੇ ਜਲੰਧਰ ਜ਼ੋਨ ਦੇ ਆਈ. ਜੀ. ਅਰਪਿਤ ਸ਼ੁਕਲਾ, ਡੀ. ਆਈ. ਜੀ. ਜਲੰਧਰ ਰੇਂਜ ਜਸਕਰਨ ਸਿੰਘ, ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਤੇ ਏ. ਐੱਸ. ਪੀ. ਭੁਲੱਥ ਗੌਰਵ ਤੂਰਾ ਆਦਿ ਮੌਜੂਦ ਸਨ।