ਗਲੀ ਦੇ ਪੱਧਰ ਕਾਰਨ ਹੋਇਆ ਝਗੜਾ, 4 ਜ਼ਖਮੀ

01/21/2018 1:00:13 AM

ਬਟਾਲਾ,  (ਬੇਰੀ)-  ਹਰਨਾਮ ਨਗਰ ਨੇੜੇ ਰੰਧਾਵਾ ਕਾਲੋਨੀ 'ਚ ਗਲੀ ਦੇ ਪੱਧਰ ਕਾਰਨ ਦੋ ਧਿਰਾਂ ਦੇ ਹੋਏ ਝਗੜੇ 'ਚ ਮਾਂ-ਧੀ ਸਮੇਤ 4 ਜਣਿਆਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ।ਜ਼ੇਰੇ ਇਲਾਜ ਜੀਵਨ ਜੋਤੀ ਪਤਨੀ ਚੰਦਰ ਸ਼ੇਖਰ ਨੇ ਦੱਸਿਆ ਕਿ ਮੁਹੱਲੇ 'ਚ ਗਲੀ ਬਣ ਰਹੀ ਸੀ ਕਿ ਸਾਡੇ ਗੁਆਂਢੀ ਅੰਕੁਸ਼ ਸਰੀਨ ਪੁੱਤਰ ਸੰਜੀਵ ਸਰੀਨ ਵਾਸੀ ਧਰਮਪੁਰਾ ਕਾਲੋਨੀ ਬਟਾਲਾ ਨੇ ਸਾਥੀਆਂ ਸਮੇਤ ਮੇਰੇ ਪਤੀ ਨਾਲ ਝਗੜਾ ਸ਼ੁਰੂ ਕਰ ਦਿੱਤਾ, ਜਿਸ ਉਪਰੰਤ ਮੇਰਾ ਪਤੀ ਆਪਣੇ ਘਰ ਵਾਪਸ ਆ ਗਿਆ। ਅੰਕੁਸ਼ ਸਰੀਨ ਸਾਡੇ ਘਰ 'ਚ ਸਾਥੀਆਂ ਸਮੇਤ ਦਾਖਲ ਹੋਇਆ ਤੇ ਮੈਨੂੰ, ਮੇਰੇ ਪਤੀ ਤੇ ਮੇਰੀ ਲੜਕੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਸਾਨੂੰ ਜ਼ਖਮੀ ਹਾਲਤ 'ਚ ਮੁਹੱਲਾ ਵਾਸੀਆਂ ਨੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ।ਇਸ ਸੰਬੰਧੀ ਦੂਜੀ ਧਿਰ ਦੇ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਅੰਕੁਸ਼ ਸਰੀਨ ਨੇ ਦੱਸਿਆ ਕਿ ਪਹਿਲੀ ਧਿਰ ਦੇ ਲੋਕ ਗਲੀ ਨੂੰ ਉੱਚਾ ਕਰਵਾ ਰਹੇ ਸਨ ਤੇ ਜਦੋਂ ਅਸੀਂ ਉਨ੍ਹਾਂ ਨੂੰ ਰੋਕਿਆ ਤਾਂ ਉਨ੍ਹਾਂ ਮੈਨੂੰ ਕੁੱਟਮਾਰ ਕੇ ਜ਼ਖਮੀ ਕਰ ਦਿੱਤਾ।
ਕੀ ਕਹਿਣੈ ਪੁਲਸ ਦਾ
ਮਾਮਲੇ ਸੰਬੰਧੀ ਥਾਣਾ ਸਿਵਲ ਲਾਈਨ ਦੇ ਏ.ਐੱਸ.ਆਈ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਕਤ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੈ ਤੇ ਜਾਂਚ ਚੱਲ ਰਹੀ ਹੈ। ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।