ਬਰਸਾਤ ਕਾਰਨ ਵੈਟਰਨਰੀ ਹਸਪਤਾਲ ਨੇ ਧਾਰਿਆ ਛੱਪੜ ਦਾ ਰੂਪ

06/30/2017 5:01:10 PM

ਝਬਾਲ - ਬੀਤੇ ਦਿਨਾਂ ਤੋਂ ਸ਼ੁਰੂ ਹੋਈ ਬਰਸਾਤ ਨਾਲ ਜਿੱਥੇ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ, ਉਥੇ ਹੀ ਬਰਸਾਤ ਦੇ ਪਾਣੀ ਕਾਰਨ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਣੀ ਦਾ ਨਿਕਾਸ ਨਾ ਹੋਣ ਕਾਰਨ ਚਾਰੇ ਪਾਸੇ ਪਾਣੀ ਹੀ ਪਾਣੀ ਖੜ੍ਹਾ ਹੈ, ਜਿਸ ਨਾਲ ਜਿੱਥੇ ਫਸਲਾਂ ਡੁੱਬ ਰਹੀਆਂ ਹਨ, ਉਥੇ ਹੀ ਰਸਤੇ ਵੀ ਬੰਦ ਹੋਏ ਪਏ ਹਨ।
ਇਸ ਕਾਰਨ ਪਸ਼ੂ ਪਾਲਕਾਂ ਦੀ ਸਹੂਲਤ ਲਈ ਬਣਾਏ ਗਏ ਕਸਬਾ ਝਬਾਲ ਦੇ ਵੈਟਰਨਰੀ ਹਸਪਤਾਲ 'ਚ ਪਾਣੀ ਦਾ ਨਿਕਾਸ ਨਾ ਹੋਣ ਕਰ ਕੇ ਹਸਪਤਾਲ ਨੇ ਛੱਪੜ ਦਾ ਰੂਪ ਧਾਰਨ ਕਰ ਲਿਆ ਹੈ, ਜਿਸ ਕਾਰਨ ਜਿੱਥੇ ਸਟਾਫ ਨੂੰ ਪਾਣੀ ਵਿਚੋਂ ਲੰਘਣਾ ਪੈ ਰਿਹਾ ਹੈ। ਉਥੇ ਹੀ ਪਸ਼ੂ ਪਾਲਕਾਂ ਨੂੰ ਹਸਪਤਾਲ ਵਿਖੇ ਆਉਣ ਵਿਚ ਮੁਸ਼ਕਿਲਾਂ ਆ ਰਹੀਆਂ ਹਨ। ਵੈਟਨਰੀ ਅਫਸਰ ਡਾ. ਹਰਵਿੰਦਰ ਸਿੰਘ ਸੰਧੂ ਨੇ ਹਸਪਤਾਲ ਵਿਚ ਲੱਗੇ ਪਾਣੀ ਦੇ ਛੱਪੜ ਨੂੰ ਵਿਖਾਉਂਦਿਆਂ ਦੱਸਿਆ ਕਿ ਮੀਂਹ ਦੇ ਖੜ੍ਹੇ ਪਾਣੀ ਵਿਚੋਂ ਜੁੱਤੀਆਂ ਲਾਹ ਕੇ ਅੰਦਰ ਦਾਖਲ ਹੋਣਾ ਪੈ ਰਿਹਾ ਹੈ। ਜਿਸ ਕਰ ਕੇ ਬਹੁਤ ਮੁਸ਼ਕਿਲ ਪੇਸ਼ ਆ ਰਹੀ ਹੈ। ਪਸ਼ੂ ਪਾਲਕਾਂ ਨੇ ਮੰਗ ਕੀਤੀ ਕਿ ਵੈਟਨਰੀ ਹਸਪਤਾਲ ਵਿਖੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਮੁਸ਼ਕਿਲ ਪੇਸ਼ ਨਾ ਆਵੇ।