ਤਨਖਾਹ ਨਾ ਮਿਲਣ ਕਾਰਨ ਜਲ ਸਰੋਤ ਕਾਮਿਆਂ ਕੀਤਾ ਰੋਸ ਪ੍ਰਦਰਸ਼ਨ

07/25/2018 1:08:53 AM

ਨੂਰਪੁਰਬੇਦੀ, (ਭੰਡਾਰੀ)- ਪੰਜਾਬ ਜਲ ਸਰੋਤ ਮੁਲਾਜ਼ਮ ਯੂਨੀਅਨ ਵੱਲੋਂ ਅੱਜ ਪੰਜਾਬ ਜਲ ਸਰੋਤ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ’ਤੇ ਸਮੂਹ ਵਰਕਰਾਂ ਨੇ ਸਬ-ਡਵੀਜ਼ਨ ਨੂਰਪੁਰਬੇਦੀ ਦੇ ਦਫ਼ਤਰ ਮੂਹਰੇ ਜੂਨ ਮਹੀਨੇ ਦੀ ਤਨਖਾਹ ਜਾਰੀ ਨਾ ਹੋਣ ’ਤੇ ਪ੍ਰਦਰਸ਼ਨ ਕੀਤਾ। 
ਇਸ ਮੌਕੇ  ਜਥੇਬੰਦੀ ਦੇ ਸੂਬਾਈ ਪ੍ਰਧਾਨ ਸੁਖਮੰਦਰ ਸਿੰਘ ਦੀ ਅਗਵਾਈ ਹੇਠ  ਕੀਤੀ ਗਈ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਦੇਖਿਆ ਕਰ ਰਹੀ ਹੈ ਤੇ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਮੁਲਾਜ਼ਮਾਂ ਦੀ ਇਕ ਹਫ਼ਤੇ ਦੇ ਅੰਦਰ-ਅੰਦਰ ਜੂਨ ਮਹੀਨੇ ਦੀ ਤਨਖਾਹ ਜਾਰੀ ਨਾ ਕੀਤੀ ਗਈ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ।  ਜਥੇਬੰਦੀ ਦੇ ਆਗੂਆਂ ਨੇ ਐਲਾਨ ਕੀਤਾ ਕਿ ਉਕਤ ਸੰਘਰਸ਼ ਦੀ ਲਡ਼ੀ ਤਹਿਤ ਡਵੀਜ਼ਨ ਦੇ ਸਮੂਹ ਮੁਲਾਜ਼ਮ 25 ਜੁਲਾਈ ਨੂੰ ਮੰਡਲ ਦਫ਼ਤਰ ਰੂਪਨਗਰ ਵਿਖੇ ਵੀ ਦੁਪਹਿਰ 12 ਵਜੇ ਤੋਂ 2 ਵਜੇ ਤੱਕ 2 ਘੰਟੇ ਲਈ ਰੋਸ ਰੈਲੀ ਕਰ ਕੇ ਅਾਪਣਾ ਵਿਰੋਧ ਜਤਾਉਣਗੇ। 
ਰੈਲੀ ਦੌਰਾਨ ਸੂਬਾਈ ਪ੍ਰਧਾਨ ਸੁਖਮੰਦਰ ਸਿੰਘ ਤੋਂ ਇਲਾਵਾ ਸਕੱਤਰ ਰਾਜਨ ਸ਼ਰਮਾ, ਜਗਤਾਰ ਸਿੰਘ, ਸੁਰਿੰਦਰ ਕੁਮਾਰ, ਕਮਲ ਚੰਦ, ਕੁਲਦੀਪ ਸਿੰਘ, ਰਾਮ ਚੰਦ, ਰੌਸ਼ਨ ਲਾਲ, ਚਰਨ ਸਿੰਘ ਤੇ ਬਲਦੇਵ ਰਾਜ ਆਦਿ ਮੁਲਾਜ਼ਮ ਸਾਥੀਆਂ ਨੇ ਵੀ  ਮੰਗਾਂ ਸਬੰਧੀ ਅਾਵਾਜ਼ ਬੁਲੰਦ ਕੀਤੀ।