ਰਸੋਈ ਗੈਸ ਨਾ ਮਿਲਣ ਕਾਰਨ ਘਰੇਲੂ ਖਪਤਕਾਰਾਂ ''ਚ ਮੱਚੀ ਹਾਹਾਕਾਰ

08/12/2017 5:58:47 AM

ਸਮਾਣਾ, (ਦਰਦ)- ਪਿਛਲੇ ਕਰੀਬ ਇਕ ਮਹੀਨੇ ਤੋਂ ਰਸੋਈ ਗੈਸ ਸਮੇਂ ਸਿਰ ਨਾ ਮਿਲਣ ਕਾਰਨ ਸੈਂਕੜੇ ਖਪਤਕਾਰਾਂ ਨੇ ਮੁਨਸ਼ੀ ਰਾਮ ਗੈਸ ਏਜੰਸੀ ਅੱਗੇ ਰੋਸ ਧਰਨਾ ਲਾ ਕੇ ਏਜੰਸੀ ਮਾਲਕਾਂ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਜਲਦੀ ਗੈਸ ਸਪਲਾਈ ਕਰਨ ਦੀ ਮੰਗ ਕੀਤੀ। ਧਰਨਾਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਗੈਸ ਏਜੰਸੀ ਵੱਲੋਂ ਪਿੰਡਾਂ ਤੇ ਸ਼ਹਿਰਾਂ ਦੇ ਘਰੇਲੂ ਖਪਤਕਾਰਾਂ ਨੂੰ ਕਰੀਬ 8300 ਕੁਨੈਕਸ਼ਨ ਵੰਡੇ ਹੋਏ ਹਨ। ਇਕ ਮਹੀਨੇ ਤੋਂ ਉਨ੍ਹਾਂ ਨੂੰ ਗੈਸ ਦੀ ਸਪਲਾਈ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਖਪਤਕਾਰਾਂ ਨੂੰ ਬਲੈਕ ਵਿਚ ਮਹਿੰਗੇ ਭਾਅ 'ਤੇ ਸਿਲੰਡਰ ਖਰੀਦਣੇ ਪੈ ਰਹੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਖਪਤਕਾਰਾਂ ਨੂੰ ਆਨ-ਲਾਈਨ ਬੁਕਿੰਗ ਕਰਵਾ ਕੇ ਕਿਸੇ ਵੀ ਸਮੇਂ ਸਿਲੰਡਰ ਲੈਣ ਦੀ ਹਦਾਇਤ ਹੈ।  
ਜਲਦੀ ਹੀ ਗੈਸ ਸਪਲਾਈ ਆਮ ਵਾਂਗ ਹੋ ਜਾਵੇਗੀ : ਖੁਰਾਕ ਸਪਲਾਈ ਅਫਸਰ
ਜਦੋਂ ਜ਼ਿਲਾ ਖੁਰਾਕ ਤੇ ਸਿਵਲ ਸਪਲਾਈ ਅਫਸਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪਿੱਛੋਂ ਹੀ ਗੈਸ ਸਪਲਾਈ ਵਿਚ ਦਿੱਕਤ ਆ ਰਹੀ ਹੈ। ਅਸੀਂ ਗੈਸ ਏਜੰਸੀ ਮਾਲਕਾਂ ਨਾਲ ਮੀਟਿੰਗ ਕਰ ਕੇ ਇਸ ਸਮੱਸਿਆ ਦਾ ਹੱਲ ਕੱਢਣ ਲਈ ਯਤਨਸ਼ੀਲ ਹਾਂ। ਜਲਦੀ ਹੀ ਗੈਸ ਸਪਲਾਈ ਆਮ ਵਾਂਗ ਹੋ ਜਾਵੇਗੀ। ਇਸ ਸਬੰਧੀ ਗੈਸ ਏਜੰਸੀ ਮਾਲਕ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਗੈਸ ਪਾਈਪ ਲਾਈਨ ਦੀ ਸਫਾਈ ਹੋਣ ਕਾਰਨ ਗੈਸ ਦੀ ਸਪਲਾਈ ਪਿੱਛੋਂ ਨਾ ਹੋਣ ਕਰ ਕੇ ਦਿੱਕਤ ਆ ਰਹੀ ਹੈ।