ਤੇਜ਼ ਹਨੇਰੀ ਕਾਰਨ ਸ਼ੈੱਡ ਡਿੱਗੀ, 1 ਜ਼ਖਮੀ

05/13/2018 6:02:12 AM

ਫਗਵਾੜਾ, (ਹਰਜੋਤ)- ਅੱਜ ਸ਼ਾਮ ਆਏ ਤੂਫ਼ਾਨ ਵਰਗੀ ਹਨੇਰੀ ਨੇ ਲੋਕਾਂ ਦਾ ਜਨ ਜੀਵਨ ਅਚਾਨਕ ਠੱਪ ਕਰਕੇ ਰੱਖ ਦਿੱਤਾ। ਅਸਮਾਨ 'ਚ ਇਕ ਦਮ ਕਾਲੇ ਬੱਦਲ ਛਾਂ ਗਏ ਤੇ ਲੋਕਾਂ ਨੂੰ ਇਸ ਦੌਰਾਨ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਕਾਫ਼ੀ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਮੌਸਮ ਦੀ ਖਰਾਬੀ ਤੋਂ ਲੋਕ ਕਾਫ਼ੀ ਚਿੰਤਤ ਹੋ ਗਏ ਸਨ, ਜਿਸ ਕਰਕੇ ਲੋਕ ਆਪਣੇ ਸਾਕ ਸਬੰਧੀਆਂ ਨੂੰ ਫੋਨ ਕਰਕੇ ਸੁੱਖ-ਸ਼ਾਂਤ ਪੁੱਛ ਰਹੇ ਸਨ। ਤੇਜ਼ ਹਨੇਰੀ ਕਾਰਨ ਹੁਸ਼ਿਆਰਪੁਰ ਰੋਡ 'ਤੇ ਸਥਿਤ ਸੂੰਢ ਕਾਲੋਨੀ 'ਚ ਇਕ ਕੁਆੜੀਏ ਦੀ ਸ਼ੈੱਡ ਡਿੱਗ ਪਈ। ਜਿਸ ਕਾਰਨ ਹੇਠਾਂ ਬੈਠੇ ਮਜ਼ਦੂਰ ਦੇ ਭਿਆਨਕ ਲੱਤਾਂ 'ਤੇ ਗੰਭੀਰ ਸੱਟਾਂ ਲੱਗੀਆਂ। ਜਿਸ ਨੂੰ ਪਹਿਲਾਂ ਸਿਵਲ ਹਸਪਤਾਲ ਪਹੁੰਚਾਇਆ ਤੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਲੁਧਿਆਣਾ ਭੇਜ ਦਿੱਤਾ ਹੈ। ਜ਼ਖਮੀ ਦੀ ਪਛਾਣ ਵਿਸ਼ਨੂੰ ਪਾਧੋ ਪੁੱਤਰ ਕਾਲੀ ਵੱਜੋਂ ਹੋਈ ਹੈ।
ਅੱਜ ਇਥੇ ਚੱਲੀ ਤੇਜ਼ ਹਨੇਰੀ ਨਾਲ ਕਈ ਦਰੱਖਤ ਡਿੱਗ ਪਏ। ਫਗਵਾੜਾ-ਹੁਸ਼ਿਆਰਪੁਰ ਰੋਡ, ਫਗਵਾੜਾ-ਬੰਗਾ ਰੋਡ, ਫਗਵਾੜਾ-ਜੰਡਿਆਲਾ-ਨਕੋਦਰ ਸੜਕ 'ਤੇ ਵੀ ਕਈ ਥਾਵਾਂ 'ਤੇ ਦਰੱਖਤ ਡਿੱਗੇ, ਜਿਸ ਕਾਰਨ ਕਈ ਥਾਵਾਂ 'ਤੇ ਬਿਜਲੀ ਵੀ ਠੱਪ ਰਹੀ।ਅੱਜ ਇਥੇ ਤੇਜ਼ ਚੱਲੀ ਹਨੇਰੀ ਨਾਲ ਬਾਜ਼ਾਰਾਂ 'ਚ ਕਈ ਦੁਕਾਨਾਂ ਦੇ ਬਾਹਰ ਲੱਗੇ ਬੋਰਡ ਵੀ ਡਿੱਗ ਪਏ। ਮੌਸਮ ਦੇ ਬਦਲਣ ਨਾਲ ਲੋਕਾਂ ਨੇ ਗਰਮੀ ਤੋਂ ਕਾਫ਼ੀ ਰਾਹਤ ਮਹਿਸੂਸ ਕੀਤੀ ਤੇ ਲੋਕ ਕੰਮਕਾਰ ਬੰਦ ਕਰਕੇ ਆਪਣੇ ਘਰਾਂ 'ਚ ਆ ਗਏ। ਤੇਜ਼ ਹਨੇਰੀ ਦੇ ਚੱਲਦਿਆਂ ਸ਼ਹਿਰ ਤੇ ਪਿੰਡਾਂ ਦੇ ਕਈ ਇਲਾਕਿਆਂ 'ਚ ਬਿਜਲੀ ਸੇਵਾ ਬੰਦ ਹੋ ਗਈ ਤੇ 2-3 ਦਿਨ ਘੰਟੇ ਬਾਅਦ ਬਿਜਲੀ ਆਉਣ 'ਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ।
 
ਬਾਰਿਸ਼ ਨੇ ਮੌਸਮ ਨੂੰ ਕੀਤਾ ਖੁਸ਼ਨੁਮਾ 
ਸੁਲਤਾਨਪੁਰ ਲੋਧੀ, (ਧੀਰ)- ਦੁਪਹਿਰ ਕਰੀਬ 3 ਵਜੇ ਕੇ 30 ਮਿੰਟ 'ਤੇ ਅਚਾਨਕ ਮੌਸਮ ਨੇ ਕਰਵਟ ਬਦਲੀ ਤੇ ਤੇਜ਼ ਤੁਫਾਨ ਆਸਮਾਨ 'ਚ ਛਾਏ ਕਾਲੇ ਬੱਦਲਾਂ ਨੇ ਚਿੱਟੇ ਦਿਨ ਹੀ ਬਲੈਕ ਆਊਟ 'ਚ ਪਵਿੱਤਰ ਨਗਰੀ ਨੂੰ ਤਬਦੀਲ ਕਰ ਦਿੱਤਾ। ਮੌਸਮ 'ਚ ਹੋਏ ਇਕ ਦਮ ਪਰਿਵਰਤਨ ਨੇ ਸ਼ਹਿਰ 'ਚ ਘੁੰਮ ਰਹੇ ਲੋਕਾਂ ਤੇ ਵਾਹਨ ਸਵਾਰਾਂ 'ਚ ਇਕ ਦਮ ਘਬਰਾਹਟ ਫੈਲਾ ਦਿੱਤੀ ਤੇ ਲੋਕ ਜਲਦੀ ਆਪਣੇ ਕੰਮ ਸਮੇਟ ਕੇ ਘਰਾਂ ਵੱਲ ਜਾਂਦੇ ਵਿਖਾਈ ਦਿੱਤੇ। ਦਿਨ ਦੇ ਸਮੇਂ ਹੋਈ ਕਾਲੀ ਰਾਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿਉਂਕਿ ਕੁਝ ਦਿਨ ਪਹਿਲਾਂ ਜਦੋਂ ਮੌਸਮ ਵਿਭਾਗ ਦੇ ਤੇਜ਼ ਤੂਫਾਨ ਦੀ ਭਵਿੱਖ ਬਾਣੀ ਕੀਤੀ ਸੀ ਪਰ ਹਾਲਤ ਠੀਕ ਰਹੇ, ਜਿਸ ਕਾਰਨ ਅੱਜ ਹੋਈ ਇਕਦਮ ਕਾਲੀ ਰਾਤ ਨੇ ਸਾਰਿਆਂ 'ਚ ਬੇਚੈਨੀ ਫੈਲਾ ਦਿੱਤੀ। ਤੇਜ਼ ਤੁਫਾਨ ਤੇ ਝੱਖੜ ਤੋਂ ਬਾਅਦ ਬਾਰਿਸ਼ ਨੇ ਮੌਸਮ ਨੂੰ ਖੁਸ਼ਨੁਮਾ ਬਣਾ ਦਿੱਤਾ ਤੇ ਤਾਪਮਾਨ 'ਚ ਕਾਫੀ ਗਿਰਾਵਟ ਲਿਆ ਦਿੱਤੀ। ਮੌਸਮ ਦੇ ਹੋਏ ਪਰਿਵਰਤਨ ਉਪਰੰਤ ਜਿਥੇ ਲੋਕਾਂ ਨੂੰ ਭਾਰੀ ਗਰਮੀ ਤੋਂ ਕੁਝ ਹੱਦ ਤਕ ਰਾਹਤ ਮਿਲੀ ਉਥੇ ਖਰਬੂਜ਼ੇ ਤੇ ਤਰਬੂਜ਼ ਦੇ ਖੇਤੀ ਕਰਨ ਵਾਲੇ ਕਿਸਾਨਾਂ ਦੇ ਚੇਹਰਿਆਂ 'ਤੇ ਰੌਣਕ ਗਾਇਬ ਕਰ ਦਿੱਤੀ ਪਰ ਮੌਸਮ ਦੇ ਵਾਰ-ਵਾਰ ਪਰਿਵਰਤਨ ਨੇ ਕਿਸਾਨਾਂ ਨੂੰ ਸੋਚਾਂ 'ਚ ਡੂਬੋ ਦਿੱਤਾ ਹੈ ਕਿਉਂਕਿ ਕੁਝ ਦਿਨ ਪਹਿਲਾਂ ਪਈ ਬਾਰਿਸ਼ ਤੇ ਗੜ੍ਹੇਮਾਰੀ ਕਾਰਨ ਖਰਬੂਜ਼ੇ ਦੀ ਫਸਲ ਨੂੰ ਕਾਫੀ ਨੁਕਸਾਨ ਪਹੁੰਚਾ ਸੀ। ਕਣਕ ਤੋਂ ਬਾਅਦ ਤੂੜੀ ਸੰਭਾਲ ਰਹੇ ਕਿਸਾਨਾਂ ਨੂੰ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਮੰਡੀਆਂ 'ਚ ਕਣਕ ਦੀ ਪੂਰੀ ਲਿਫਟਿੰਗ ਨਾ ਹੋਣ ਕਾਰਨ ਹਾਲੇ ਵੀ ਮੁੱਖ ਦਾਣਾ ਮੰਡੀ 'ਚ ਪਈ ਕਣਕ ਦੀ ਫਸਲ ਨੂੰ ਸੰਭਾਲਣ ਲਈ ਮਜ਼ਦੂਰਾਂ ਨੂੰ ਮੁਸ਼ਕਤ ਕਰਨੀ ਪਈ ਤੇ ਉਹ ਤਰਪਾਲਾਂ ਨਾਲ ਬੋਰੀਆਂ ਨੂੰ ਢੱਕਦੇ ਨਜ਼ਰ ਆਏ।