ਮਾਮਲਾ ਦੁਬਈ ਤੋਂ ਆਏ ਨੌਜਵਾਨ ਦੀ ਮੌਤ ਦਾ: ਪਰਿਵਾਰਕ ਮੈਂਬਰਾਂ ਨੇ ਲਾਇਆ ਧਰਨਾ

03/25/2019 12:36:48 PM

ਮੋਗਾ (ਆਜ਼ਾਦ)—ਬੀਤੇ ਦਿਨੀਂ ਦੁਬਈ ਤੋਂ ਆਏ ਮੁਹੱਲਾ ਸੰਧੂਆਂ ਵਾਲਾ ਨਿਵਾਸੀ ਸੂਰਜ ਉਰਫ ਲਵਲੀ (32) ਦੀ ਭੇਦਭਰੇ ਹਾਲਾਤਾਂ ਵਿਚ ਹੋਈ ਮੌਤ ਨੂੰ ਲੈ ਕੇ ਅੱਜ ਮ੍ਰਿਤਕ ਲੜਕੇ ਦੇ ਪਰਿਵਾਰਕ ਮੈਂਬਰਾਂ ਅਤੇ ਇਲਾਕਾ ਨਿਵਾਸੀਆਂ ਵਲੋਂ ਪੁਰਾਣੀ ਚੁੰਗੀ ਨੰਬਰ 3 ਕੋਟਕਪੂਰਾ ਰੋਡ 'ਤੇ ਅਰਥੀ ਨੂੰ ਰੱਖ ਕੇ ਰੋਹ ਭਰਪੂਰ ਧਰਨਾ ਲਾਇਆ ਅਤੇ ਪ੍ਰਸ਼ਾਸਨ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਉਹ ਧਰਨੇ ਦੌਰਾਨ ਦੋਸ਼ ਲਾ ਰਹੇ ਸਨ ਕਿ ਦੋਸ਼ੀਆਂ ਨੂੰ ਫੜ੍ਹਣ 'ਚ ਪੁਲਸ ਢਿੱਲ ਵਰਤ ਰਹੀ ਹੈ। ਜਾਣਕਾਰੀ ਅਨੁਸਾਰ ਸੂਰਜ ਉਰਫ ਲਵਲੀ ਦੁਬਈ ਆਪਣੇ ਜੀਜੇ ਗੁਰਪ੍ਰੀਤ ਸਿੰਘ ਨਿਵਾਸੀ ਜਗਰਾਓ ਨਾਲ ਦੋ ਮਹੀਨੇ ਪਹਿਲਾਂ ਦੁਬਈ ਗਿਆ ਸੀ ਕਿਉਂਕਿ ਉਸਦੀ ਪਤਨੀ ਦੁਬਈ ਰਹਿੰਦੀ ਹੈ।

ਸੂਰਜ ਬੀਤੀ 22 ਮਾਰਚ ਨੂੰ ਦੁਬਈ ਤੋਂ ਆਪਣੇ ਜੀਜੇ ਨਾਲ ਇੰਡੀਆ ਵਾਪਸ ਆਇਆ ਜਦੋਂ ਉਹ ਆਪਣੇ ਸੰਧੂਆਂ ਵਾਲਾ ਅਗਵਾੜ 'ਚ ਸਥਿਤ ਘਰ ਪੁੱਜੇ ਤਾਂ ਸੂਰਜ ਆਪਣੇ ਜੀਜੇ ਨੂੰ ਇਹ ਕਹਿ ਕੇ ਚਲਾ ਗਿਆ ਕਿ ਉਹ ਮੈਂ ਥੋੜੀ ਦੇਰ ਬਾਅਦ ਆਇਆ, ਤੁਸੀਂ ਸਮਾਨ ਰੱਖੋ, ਪਰ ਉਹ ਘਰ ਵਾਪਸ ਨਾ ਆਇਆ ਜਿਸ ਦੀ ਘਰ ਵਾਲਿਆਂ ਨੇ ਤਲਾਸ਼ ਕੀਤੀ, ਜਿਸ ਦੀ ਬੀਤੀ 23 ਮਾਰਚ ਨੂੰ ਉਨ੍ਹਾਂ ਦੇ ਘਰ ਕੋਲ ਸੁੰਨਸਾਨ ਜਗ੍ਹਾ ਤੋਂ ਲਾਸ਼ ਮਿਲੀ, ਜਿਸ 'ਤੇ ਇਲਾਕੇ 'ਚ ਹੜਕੰਪ ਮੱਚ ਗਿਆ ਤੇ ਲੋਕਾਂ ਦਾ ਇਕੱਠ ਹੋ ਗਿਆ ਤੇ ਪੁਲਸ ਨੂੰ ਸੂਚਿਤ ਕੀਤਾ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੇ ਇਲਾਕੇ 'ਚ ਰਹਿੰਦੀ ਇਕ ਔਰਤ ਵਲੋਂ ਸੂਰਜ ਦੀ ਹੱਤਿਆ ਕਰ ਕੇ ਉਸਦੀ ਲਾਸ਼ ਨੂੰ ਇੱਥੇ ਸੁੱਟਿਆ ਗਿਆ ਕਿਉਂਕਿ ਉਸਦਾ ਪਹਿਲਾਂ ਵੀ ਸੂਰਜ ਨਾਲ ਝਗੜਾ ਹੋਇਆ ਸੀ ਤੇ ਉਸਨੇ ਸੂਰਜ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ, ਪਰ ਮੋਗਾ ਪੁਲਸ ਵਲੋਂ ਮ੍ਰਿਤਕ ਦੀ ਮਾਤਾ ਗੁਰਮੀਤ ਕੌਰ ਪਤਨੀ ਨਿਰਦੇਵ ਸਿੰਘ ਦੇ ਬਿਆਨਾਂ 'ਤੇ ਅ/ਧ 174 ਦੀ ਕਾਰਵਾਈ ਕਰਨ ਦੇ ਬਾਅਦ ਲਾਸ਼ ਦਾ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਦੇ ਬਾਅਦ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਸੀ, ਅੱਜ ਜਦੋਂ ਮ੍ਰਿਤਕ ਦੀ ਪਤਨੀ, ਉਸਦੀ ਮਾਤਾ ਅਤੇ ਇਲਾਕੇ ਦੇ ਲੋਕ ਉਸਦਾ ਅੰਤਿਮ ਸੰਸਕਾਰ ਕਰਨ ਲਈ ਬੁੱਕਣ ਵਾਲਾ ਰੋਡ ਦੇ ਸ਼ਮਸ਼ਾਨਘਾਟ 'ਤੇ ਪੁੱਜੇ ਤਾਂ ਉਥੇ ਮੌਜੂਦ ਥਾਣਾ ਸਿਟੀ ਸਾਊਥ ਮੋਗਾ ਦੇ ਮੁੱਖ ਅਫਸਰ ਪਲਵਿੰਦਰ ਸਿੰਘ ਨੂੰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ।

ਇਸ ਉਪਰੰਤ ਉਨ੍ਹਾਂ ਦਾ ਪੁਲਸ ਨਾਲ ਤਕਰਾਰ ਹੋ ਗਿਆ ਤੇ ਉਨ੍ਹਾਂ ਲਾਸ਼ ਨੂੰ ਸ਼ਮਸ਼ਾਨ ਘਾਟ 'ਚ ਚੁੱਕ ਕੇ ਚੁੰਗੀ ਨੰਬਰ 3 'ਤੇ ਲਾਸ਼ ਰੱਖ ਕੇ ਧਰਨਾ ਲਾ ਦਿੱਤਾ। ਇਸ ਮੌਕੇ ਮਹਿਲਾ ਕੌਂਸਲਰ ਦੇ ਪਤੀ ਨਿਰੋਤਮ ਪੁਰੀ ਦੇ ਇਲਾਵਾ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਇੰਨਸਾਫ ਚਾਹੀਦਾ ਹੈ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ ਮਿਲ ਜਾਵੇ। ਇਸ ਮੌਕੇ ਥਾਣਾ ਮੁਖੀ ਨੇ ਭਰੋਸਾ ਦਿੱਤਾ ਕਿ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਕਿਹਾ ਕਿ ਜਿਨ੍ਹਾਂ 'ਤੇ ਇਹ ਦੋਸ਼ ਲਾ ਰਹੇ ਹਨ ਉਨ੍ਹਾਂ ਦੇ ਘਰ ਛਾਪੇਮਾਰੀ ਵੀ ਕੀਤੀ ਪਰ ਕੋਈ ਘਰ ਨਹੀਂ ਮਿਲਿਆ, ਪਰ ਧਰਨਾਕਾਰੀਆਂ ਨੇ ਧਰਨਾ ਚੁੱਕਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਉੱਚ ਅਧਿਕਾਰੀ ਉਨ੍ਹਾਂ ਨਾਲ ਗੱਲਬਾਤ ਨਹੀਂ ਕਰਦੇ ਉਨ੍ਹਾਂ ਵਲੋਂ ਧਰਨਾ ਫਿਰ ਚੁੱਕਿਆ ਜਾਵੇਗਾ।

Shyna

This news is Content Editor Shyna