ਵਾਰਡ ਨੰਬਰ 10 ''ਚ ਸਪਲਾਈ ਹੋ ਰਿਹਾ ਹੈ ਦੂਸ਼ਿਤ ਪਾਣੀ

11/02/2017 2:22:36 PM

ਰੂਪਨਗਰ (ਵਿਜੇ)— ਨਗਰ ਕੌਂਸਲ ਰੂਪਨਗਰ ਵੱਲੋਂ ਵਾਰਡ ਨੰਬਰ 10 'ਚ ਦੂਸ਼ਿਤ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗ ਰਹੀਆਂ ਹਨ। ਵਾਰਡ ਵਾਸੀਆਂ ਨੇ ਕਈ ਵਾਰ ਨਗਰ ਕੌਂਸਲ ਨੂੰ ਇਸ ਦੀ ਸ਼ਿਕਾਇਤ ਕੀਤੀ ਹੈ ਪਰ ਹਾਲੇ ਤੱਕ ਪੀਣ ਲਈ ਸਾਫ ਪਾਣੀ ਮੁਹੱਈਆ ਨਹੀਂ ਕੀਤਾ ਜਾ ਰਿਹਾ। ਸ਼ਹਿਰ ਦੇ ਵਾਰਡ ਨੰਬਰ 10 ਗਾਂਧੀ ਨਗਰ ਖੇਤਰ 'ਚ ਨਗਰ ਕੌਂਸਲ ਰੂਪਨਗਰ ਵੱਲੋਂ ਜੋ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ, ਉਸ ਵਿਚ ਵਾਰਡ ਵਾਸੀਆਂ ਨੇ ਸੀਵਰੇਜ ਦਾ ਪਾਣੀ ਮਿਕਸ ਹੋਣ ਦਾ ਸ਼ੱਕ ਪ੍ਰਗਟਾਇਆ ਹੈ ਕਿਉਂਕਿ ਪਾਣੀ ਗੰਦਾ ਤੇ ਬਦਬੂਦਾਰ ਹੈ ਤੇ ਜੋ ਵੀ ਇਸ ਨੂੰ ਪੀਂਦਾ ਹੈ, ਉਹ ਕੁਝ ਦਿਨਾਂ ਲਈ ਬੀਮਾਰ ਹੋ ਜਾਂਦਾ ਹੈ। ਇਲਾਕੇ ਦੇ ਗੁਰਦੁਆਰਾ ਨਾਨਕਸਰ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਨਗਰ ਕੌਂਸਲ ਵੱਲੋਂ ਸਪਲਾਈ ਕੀਤਾ ਜਾ ਰਿਹਾ ਪਾਣੀ ਦੂਸ਼ਿਤ ਹੈ, ਜਿਸ ਕਾਰਨ ਸੰਗਤ ਵੀ ਕਾਫੀ ਪਰੇਸ਼ਾਨ ਹੈ।