ਨਸ਼ੇ ’ਚ ਟੁੰਨ ਸਿਪਾਹੀ ਨੇ ਸਾਬਕਾ ਕੌਂਸਲਰ ਦੇ ਘਰ ਅੱਗੇ ਪਹੁੰਚ ਕੇ ਕੀਤੀ ਬਦਤਮੀਜ਼ੀ, ਸਸਪੈਂਡ

05/19/2022 3:18:53 PM

ਫਿਲੌਰ (ਭਾਖੜੀ)- ਪੰਜਾਬ ਪੁਲਸ ਅਕੈਡਮੀ ’ਚ ਚੱਲ ਰਹੇ ਡਰੱਗ ਰੈਕਟ ਮਾਮਲੇ ’ਚ ਸ਼ਾਮਲ ਹੁਣ ਦਾਗੀ ਪੁਲਸ ਮੁਲਾਜ਼ਮਾਂ ਦੇ ਸਿਰ ਚੜ੍ਹ ਕੇ ਨਸ਼ਾ ਬੋਲ ਰਿਹਾ ਹੈ। ਜਾਂਚ ਰਿਪੋਰਟ ’ਚ ਦਾਗੀ ਪਾਏ ਜਾਣ ਦੇ ਬਾਵਜੂਦ ਨਾ ਤਾਂ ਉਨ੍ਹਾਂ ’ਤੇ ਮੁਕੱਦਮਾ ਦਰਜ ਕੀਤਾ ਗਿਆ ਅਤੇ ਨਾ ਹੀ ਅਜੇ ਉਨ੍ਹਾਂ ਦਾ ਕੋਈ ਇਲਾਜ ਸ਼ੁਰੂ ਕਰਵਾਇਆ ਗਿਆ ਹੈ। ਆਲਮ ਇਹ ਹੈ ਕਿ ਨਸ਼ੇ ਦੀ ਓਵਰਡੋਜ਼ ਨਾਲ ਟੁੰਨ ਸਿਪਾਹੀ ਹਰਪ੍ਰੀਤ ਸਿੰਘ ਮੰਗਲਵਾਰ ਰਾਤ ਸਾਬਕਾ ਕੌਂਸਲਰ ਦੇ ਘਰ ਦੇ ਬਾਹਰ ਪੁੱਜ ਗਿਆ, ਜਿਸ ਨੂੰ ਲੋਕਾਂ ਨੇ ਫੜ ਕੇ ਉਸ ਦੀ ਬਦਤਮੀਜ਼ੀ ਦੀ ਵੀਡੀਓ ਬਣਾਈ, ਜਿਸ ਨੂੰ ਬੁੱਧਵਾਰ ਸਸਪੈਂਡ ਕਰ ਦਿੱਤਾ ਗਿਆ। ਨਸ਼ੇ ਦੀ ਓਵਰਡੋਜ਼ ਤੋਂ ਪਹਿਲਾਂ ਇਕ ਹੌਲਦਾਰ ਦਯਾਨੰਦ ਹਸਪਤਾਲ ’ਚ ਜ਼ਿੰਦਗੀ-ਮੌਤ ਨਾਲ ਲੜਾਈ ਲੜ ਰਿਹਾ ਹੈ। ਮਹਾਰਾਜਾ ਰਣਜੀਤ ਸਿੰਘ ਕਿਲ੍ਹੇ ’ਚ ਬਣੀ ਪੰਜਾਬ ਪੁਲਸ ਅਕੈਡਮੀ, ਜੋ ਸ਼ਹਿਰ ਫਿਲੌਰ ਦੀ ਸ਼ਾਨ ਹੋਇਆ ਕਰਦੀ ਸੀ। ਜਦੋਂ ਤੋਂ ਇਸ ਅਕੈਡਮੀ ਵਿਚ ਚੱਲ ਰਹੇ ਡਰੱਗ ਰੈਕਟ ਦਾ ਪਰਦਾਫ਼ਾਸ਼ ਹੋਇਆ ਹੈ, ਉਦੋਂ ਤੋਂ ਸ਼ਹਿਰ ਦੇ ਲੋਕ ਖੌਫ਼ਜ਼ਦਾ ਹਨ। ਲੋਕਾਂ ਨੂੰ ਡਰ ਸਤਾ ਰਿਹਾ ਹੈ ਕਿਤੇ ਉਨ੍ਹਾਂ ਦੇ ਬੱਚੇ ਵੀ ਇਸ ਗੰਦੀ ਆਦਤ ਦੇ ਸ਼ਿਕਾਰ ਨਾ ਹੋ ਜਾਣ।

ਇਹ ਵੀ ਪੜ੍ਹੋ: ਨਵੀਂ ਕਮਿਸ਼ਨਰ ਦੇ ਲਾਲ ਸਿਆਹੀ ਵਾਲੇ ਪੈੱਨ ਤੋਂ ਡਰਨ ਲੱਗੇ ਜਲੰਧਰ ਨਿਗਮ ਤੇ ਸਮਾਰਟ ਸਿਟੀ ਦੇ ਅਧਿਕਾਰੀ

ਇਸ ਅਕੈਡਮੀ ’ਚ ਤਾਇਨਾਤ ਪੁਲਸ ਮੁਲਾਜ਼ਮ ਨਾ ਸਿਰਫ਼ ਨਸ਼ੇ ਵਾਲੇ ਪਾਊਡਰ ਚਿੱਟੇ ਦਾ ਨਸ਼ਾ ਕਰ ਰਹੇ ਸਨ, ਸਗੋਂ ਅੰਦਰ ਹੀ ਇਸ ਦੀ ਦੂਜੇ ਪੁਲਸ ਮੁਲਾਜ਼ਮਾਂ ਨੂੰ ਵੀ ਲਤ ਲਗਾ ਕੇ ਇਸ ਨੂੰ ਵੇਚਣ ਦਾ ਕਾਰੋਬਾਰ ਕਰ ਰਹੇ ਸਨ। ਇਸ ਦੀ ਜਦੋਂ ਉੱਚ ਅਧਿਕਾਰੀਆਂ ਨੇ ਜਾਂਚ ਕਰਵਾਈ ਤਾਂ ਉਸ ਵਿਚ 8 ਪੁਲਸ ਮੁਲਾਜ਼ਮ ਕਥਿਤ ਦੋਸ਼ੀ ਪਾਏ ਗਏ, ਜਦਕਿ ਸਥਾਨਕ ਪੁਲਸ ਦੇ ਵੀ 2 ਪੁਲਸ ਮੁਲਾਜ਼ਮ ਦੋਸ਼ੀ ਪਾਏ ਗਏ। ਸਥਾਨਕ ਪੁਲਸ ਨੇ 2 ਪੁਲਸ ਮੁਲਾਜ਼ਮਾਂ ਸ਼ਕਤੀ ਅਤੇ ਜੈ ਵਿਰੁੱਧ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ, ਜਦੋਂਕਿ ਦੋਸ਼ੀ ਪਾਏ ਗਏ ਦੂਜੇ 6 ਪੁਲਸ ਮੁਲਾਜ਼ਮ ਅੱਜ ਵੀ ਪਹਿਲਾਂ ਵਾਂਗ ਖੁਲ੍ਹੇਆਮ ਘੁੰਮ ਰਹੇ ਹਨ, ਜਿਨ੍ਹਾਂ ਵਿਰੁੱਧ ਕਾਰਵਾਈ ਕਰਨ ਸਬੰਧੀ ਉੱਚ ਅਧਿਕਾਰੀ ਨੇ ਐੱਸ. ਐੱਸ. ਪੀ. ਜਲੰਧਰ ਦਿਹਾਤੀ ਅਤੇ ਡਾਇਰੈਕਟਰ ਪੁਲਸ ਅਕੈਡਮੀ ਨੂੰ ਲਿਖ ਕੇ ਦੇ ਚੁੱਕੇ ਹਨ।
ਹੈਰਾਨੀ ਦੀ ਗੱਲ ਹੈ ਕਿ 4 ਦਿਨ ਬੀਤ ਜਾਣ ਦੇ ਬਾਵਜੂਦ ਵੀ ਨਾ ਤਾਂ ਉਨ੍ਹਾਂ ਪੁਲਸ ਮੁਲਾਜ਼ਮਾਂ ’ਤੇ ਕੇਸ ਦਰਜ ਹੋਇਆ ਹੈ ਅਤੇ ਨਾ ਹੀ ਉਨ੍ਹਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਉਨ੍ਹਾਂ ਦੀ ਇਹ ਲਤ ਛੁੱਟ ਸਕੇ।

ਇਹ ਵੀ ਪੜ੍ਹੋ: ਰਾਮਾ ਮੰਡੀ ਦੀ ਪੁਲਸ ਵੱਲੋਂ ਦੇਹ ਵਪਾਰ ਦੇ ਅੱਡੇ ’ਤੇ ਰੇਡ, ਇਤਰਾਜ਼ਯੋਗ ਹਾਲਾਤ 'ਚ ਔਰਤ ਸਣੇ 8 ਵਿਅਕਤੀ ਗ੍ਰਿਫ਼ਤਾਰ

ਉਸੇ ਰਿਪੋਰਟ ’ਚ ਦੋਸ਼ੀ ਪਾਏ ਗਏ ਸਿਪਾਹੀ ਹਰਪ੍ਰੀਤ ਸਿੰਘ ਦੇ ਹੁਣ ਨਸ਼ਾ ਸਿਰ ਚੜ੍ਹ ਕੇ ਬੋਲ ਰਿਹਾ ਹੈ। ਬੀਤੀ ਰਾਤ ਉਹ ਨਸ਼ੇ ਵਿਚ ਚੂਰ ਹੋ ਕੇ ਸਾਬਕਾ ਕੌਂਸਲਰ ਦੇ ਘਰ ਦੇ ਬਾਹਰ ਪੁੱਜ ਗਿਆ, ਜਿੱਥੇ ਉਸ ਨੇ ਨਸ਼ੇ ਵਿਚ ਬਦਤਮੀਜ਼ੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਲੋਕਾਂ ਨੇ ਉਸ ਦੀ ਬਦਤਮੀਜ਼ੀ ਦੀ ਵੀਡੀਓ ਬਣਾ ਕੇ ਉਸ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ। ਵੀਡੀਓ ’ਚ ਮੁਹੱਲੇ ਦੇ ਲੋਕਾਂ ਨੂੰ ਬੋਲਦੇ ਸੁਣਿਆ ਜਾ ਰਿਹਾ ਹੈ ਕਿ ਅਕੈਡਮੀ ਦੀ ਪੁਲਸ ਨੇ ਤਾਂ ਹੁਣ ਸ਼ਹਿਰ ਵਾਸੀਆਂ ਦਾ ਜਿਊਣਾ ਹੀ ਮੁਹਾਲ ਕਰ ਦਿੱਤਾ ਹੈ। ਉਨ੍ਹਾਂ ਨੂੰ ਨਾ ਤਾਂ ਕਿਸੇ ਦਾ ਡਰ ਹੈ ਅਤੇ ਨਾ ਹੀ ਖਾਕੀ ਦੀ ਇੱਜ਼ਤ ਦਾ। ਮੁਹੱਲੇ ਵਾਲਿਆਂ ਨੇ ਫੜ ਕੇ ਮੁਲਾਜ਼ਮ ਨੂੰ ਅਕੈਡਮੀ ਦੇ ਅੰਦਰ ਲਿਜਾ ਕੇ ਛੱਡਿਆ। ਅੱਜ ਉਸ ਮੁਲਾਜ਼ਮ ’ਤੇ ਕਾਰਵਾਈ ਕਰਦੇ ਹੋਏ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ।

ਅਕੈਡਮੀ ਦੇ ਇਕ ਅਧਿਕਾਰੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਅਕੈਡਮੀ ਦੇ ਅੰਦਰ ਹਾਲਾਤ ਠੀਕ ਨਹੀਂ ਹਨ। ਹੁਣ ਜਦੋਂ ਜਾਂਚ ਰਿਪੋਰਟ ਤੋਂ ਬਾਅਦ ਪਤਾ ਹੀ ਲੱਗ ਚੁੱਕਾ ਹੈ ਕਿ ਉਨ੍ਹਾਂ ਦੇ ਕੁਝ ਮੁਲਾਜ਼ਮ ਨਸ਼ੇ ਦੇ ਆਦੀ ਹਨ। ਬਣਦਾ ਤਾਂ ਇਹ ਸੀ ਕਿ ਉਨ੍ਹਾਂ ’ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਦਾ ਕਿਸੇ ਚੰਗੇ ਹਸਪਤਾਲ ਵਿਚ ਇਲਾਜ ਕਰਵਾਉਂਦੇ। ਪੁਲਸ ਦੀ ਬਦਨਾਮੀ ਦੇ ਡਰੋਂ ਉਨ੍ਹਾਂ ਨੂੰ ਇਲਾਜ ਲਈ ਸੈਂਟਰ ’ਚ ਦਾਖਲ ਨਹੀਂ ਕਰਵਾ ਰਹੀ ਤਾਂ ਹੁਣ ਉਸ ਦਾ ਖਮਿਆਜ਼ਾ ਤਾਂ ਭੁਗਤਣਾ ਪਵੇਗਾ ਹੀ। ਉਨ੍ਹਾਂ ਕਿਹਾ ਕਿ ਹੁਣ ਇਹ ਨਸ਼ੇੜੀ ਹੋਰ ਜ਼ਿਆਦਾ ਨਸ਼ਾ ਕਰਕੇ ਹੋਸ਼ ਗੁਆ ਬੈਠਦੇ ਹਨ ਅਤੇ ਕਿਸੇ ਦੇ ਵੀ ਘਰ ਵਿਚ ਦਾਖਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਦਾਗੀ ਪੁਲਸ ਮੁਲਾਜ਼ਮਾਂ ’ਤੇ ਕਾਰਵਾਈ ਨਹੀਂ ਕਰਨੀ ਸੀ ਤਾਂ ਇਸ ਦੀ ਜਾਂਚ ਕਿਉਂ ਕਰਵਾਈ ਗਈ?

ਇਹ ਵੀ ਪੜ੍ਹੋ: ਸ੍ਰੀ ਚਮਕੌਰ ਸਾਹਿਬ ਵਿਖੇ ਵਾਪਰਿਆ ਵੱਡਾ ਹਾਦਸਾ, ਖੂਹ ’ਚ ਡਿੱਗਣ ਨਾਲ 2 ਵਿਅਕਤੀਆਂ ਦੀ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri