ਨਸ਼ੇ ਦੀ ਪੂਰਤੀ ਲਈ ਕਰਦੇ ਸੀ ਗੱਡੀਆਂ ਚੋਰੀ, ਦੋ ਕਾਬੂ

06/15/2018 5:18:20 AM

ਸਾਹਨੇਵਾਲ,   (ਜਗਰੂਪ)-  ਥਾਣਾ ਸਾਹਨੇਵਾਲ ਦੀ ਪੁਲਸ ਨੇ ਇਕ ਅਜਿਹੇ ਚੋਰ ਗਿਰੋਹ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ, ਜੋ ਆਪਣੇ ਨਸ਼ੇ ਦੀ ਪੂਰਤੀ ਲਈ ਵੱਖ-ਵੱਖ ਥਾਵਾਂ ਤੋਂ ਗੱਡੀਆਂ ਚੋਰੀ ਕਰ ਕੇ ਅੱਗੇ ਵੇਚ ਦਿੰਦੇ ਸਨ, ਜਿਨ੍ਹਾਂ ਦੇ ਕਬਜ਼ੇ 'ਚੋਂ ਥਾਣਾ ਪੁਲਸ ਨੇ ਇਕ ਅਸ਼ੋਕਾ ਲੇਲੈਂਡ 909-ਕਾਰਗੋ ਗੱਡੀ ਬਰਾਮਦ ਕੀਤੀ ਹੈ, ਜਿਸ ਨੂੰ ਵੇਚਣ ਦੀ ਫਿਰਾਕ 'ਚ ਉਹ ਇੱਧਰ-ਉਧਰ ਘੁੰਮ ਰਹੇ ਸਨ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸ. ਸਤਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਤਿੰਨ ਨੌਜਵਾਨ ਉਕਤ ਗੱਡੀ, ਜੋ ਕਿ ਉਹ ਮੋਗਾ ਤੋਂ ਚੋਰੀ ਕਰ ਕੇ ਲੈ ਕੇ ਆਏ ਸਨ। ਉਹ ਵੇਚਣ ਲਈ ਲੁਧਿਆਣਾ ਆਏ ਹਨ, ਜਿਨ੍ਹਾਂ ਨੇ ਇਹ ਗੱਡੀ ਗਿਆਸਪੁਰਾ ਦੇ ਸਤਿਸੰਗ ਘਰ 'ਚ ਖੜ੍ਹੀ ਕੀਤੀ ਹੋਈ ਹੈ। ਜਿਸ ਦੇ ਕੁੱਝ ਪੁਰਜ਼ੇ ਟਾਇਰ, ਕਮਾਨੀਆਂ ਆਦਿ ਵੱਖ-ਵੱਖ ਥਾਵਾਂ 'ਤੇ ਵੇਚ ਰਹੇ ਹਨ, ਜੋ ਅੱਜ ਵੀ ਕੁੱਝ ਸਾਮਾਨ ਵੇਚਣ ਲਈ ਆ ਰਹੇ ਹਨ, ਜਿਸ 'ਤੇ ਪੁਲਸ ਟੀਮ ਨੇ ਟਿੱਬਾ ਪੁਲ 'ਤੇ ਨਾਕਾਬੰਦੀ ਕਰ ਲਈ, ਜਿਨ੍ਹਾਂ ਨੂੰ ਪੁਲਸ ਨੇ ਕੁੱਝ ਸਮੇਂ ਬਾਅਦ ਕਾਬੂ ਕਰ ਲਿਆ, ਜਿਨ੍ਹਾਂ ਦੀ ਪਛਾਣ ਹਰਪ੍ਰੀਤ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਭਿੰਡਰ (ਧਮਰਕੋਟ), ਰਮੇਸ਼ ਕੁਮਾਰ ਪੁੱਤਰ ਅੰਮੀ ਚੰਦ ਵਾਸੀ ਕਾਲਸਾ ਰੋਡ ਥਾਣਾ ਸਾਊਥ ਸਿਟੀ ਮੋਗਾ ਦੇ ਰੂਪ 'ਚ ਹੋਈ ਹੈ, ਜਦਕਿ ਉਨ੍ਹਾਂ ਦਾ ਤੀਜਾ ਸਾਥੀ ਪ੍ਰਕਾਸ਼ ਸਿੰਘ ਉਰਫ ਨੰਨੂ ਪੁੱਤਰ ਲਖਵੀਰ ਸਿੰਘ ਵਾਸੀ ਨਿਊ ਸਤਿਗੁਰੂ ਨਗਰ ਗਿਆਸਪੁਰਾ ਲੁਧਿਆਣਾ ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਹੋ ਗਿਆ।