ਨਸ਼ਾ ਤਸਕਰੀ ਦੇ ਦੋਸ਼ ''ਚ ਫੜੇ ਗਏ ਹੌਲਦਾਰ ਸੁਰਜੀਤ ਦੇ ਮਾਮਲੇ ''ਚ ਆਇਆ ਨਵਾਂ ਮੋੜ, ਲੋਕਾਂ ਨੇ ਮੁੱਖ ਮੰਤਰੀ ਨੂੰ ਕੀਤੀ ਇਨਸਾਫ ਦੀ ਮੰਗ

06/18/2017 6:07:07 PM

ਧਰਮਕੋਟ(ਸਤੀਸ਼)— ਪੁਲਸ ਵੱਲੋਂ ਨਸ਼ਿਆਂ ਦੀ ਸਮੱਗਲਿੰਗ ਅਤੇ ਹਥਿਆਰ ਰੱਖਣ ਦੇ ਦੋਸ਼ਾਂ ਤਹਿਤ ਐਤਵਾਰ ਨੂੰ ਗ੍ਰਿਫਤਾਰ ਕੀਤੇ ਗਏ ਪੰਜਾਬ ਪੁਲਸ ਦੇ ਹੌਲਦਾਰ ਸੁਰਜੀਤ ਸਿੰਘ ਦੇ ਮਾਮਲੇ ਨੇ ਨਵਾਂ ਮੋੜ ਫੜ ਲਿਆ ਹੈ। ਐਤਵਾਰ ਨੂੰ ਸੈਂਕੜਿਆਂ ਦੀ ਤਾਦਾਦ 'ਚ ਪਿੰਡ ਚੱਕ ਕੰਨੀਆਂ ਕਲਾਂ, ਨਸੀਰੇਵਾਲ, ਫਤਿਹਪੁਰ ਕੰਨੀਆਂ, ਭੋਏਪੁਰ, ਤਾਰੇਵਾਲ, ਚੱਕ ਤਾਰੇਵਾਲ, ਕਮਾਲਕੇ, ਰੇੜ, ਗੱਟੀ, ਚੱਕ ਭੋਰੇ, ਚੱਕ ਫਤਿਹਪੁਰ, ਸਿੰਘ ਪੁਰਾ, ਮੰਜਲੀ, ਠੂਠਗੜ੍ਹ ਆਦਿ ਪਿੰਡਾਂ ਦੇ ਲੋਕਾਂ ਜਿਨ੍ਹਾਂ 'ਚ ਸਾਬਕਾ ਸਰਪੰਚ ਮਲਕੀਤ ਸਿੰਘ, ਸਰਵਨ ਸਿੰਘ ਸਰਪੰਚ, ਚਰਨਜੀਤ ਸਿੰਘ, ਕਾਲਾ ਸਿੰਘ ਆਦਿ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੁਲਸ ਵੱਲੋਂ ਸੁਰਜੀਤ ਸਿੰਘ ਖਿਲਾਫ ਝੂਠਾ ਪਰਚਾ ਦਰਜ ਕੀਤਾ ਗਿਆ ਹੈ ਜਦੋਂ ਕਿ ਉਕਤ ਸੁਰਜੀਤ ਸਿੰਘ ਦਾ ਨਸ਼ਿਆਂ 'ਚ ਨਾਂ ਆਉਣ ਕਾਰਨ ਇਲਾਕੇ ਦੇ ਲੋਕ ਹੈਰਾਨ ਹਨ। ਜੋ ਸਮੈਕ ਪੁਲਸ ਵੱਲੋਂ ਫੜੀ ਗਈ ਹੈ ਅਤੇ ਜੋ ਹਥਿਆਰ ਦੱਸੇ ਗਏ ਹਨ ਉਹ ਇਕ ਗਣੀ ਮਿੱਥੀ ਸਾਜਿਸ਼ ਤਹਿਤ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਜਦੋਂ ਕਿ ਸੁਰਜੀਤ ਸਿੰਘ ਅਜਿਹਾ ਵਿਅਕਤੀ ਨਹੀਂ ਹੈ। 
ਇਸ ਮੌਕੇ ਹਾਜ਼ਰ ਔਰਤਾਂ ਨੇ ਦੱਸਿਆ ਕਿ ਪੁਲਸ ਵੱਲੋਂ ਸੁਰਜੀਤ ਸਿੰਘ ਦੇ ਘਰ ਆ ਕੇ ਘਰ ਦੀਆਂ ਔਰਤਾਂ ਨਾਲ ਗਲਤ ਵਿਵਹਾਰ ਕੀਤਾ ਗਿਆ ਅਤੇ ਔਰਤਾਂ ਅਤੇ ਬੱਚਿਆਂ ਨੂੰ ਧਮਕੀਆਂ ਦਿੱਤੀਆਂ ਗਈਆਂ ਜਦੋਂਕਿ ਕੋਈ ਵੀ ਮਹਿਲਾ ਕਾਂਸਟੇਬਲ ਪੁਲਸ ਦੇ ਨਾਲ ਨਹੀਂ ਸੀ ਅਤੇ ਨਾ ਹੀ ਪਿੰਡ ਦਾ ਜਾਂ ਇਲਾਕੇ ਦਾ ਕੋਈ ਮੋਹਤਬਰ ਵਿਅਕਤੀ ਨਾਲ ਸੀ। ਘਰ ਦੇ ਇਕ ਮਰੀਜ਼ ਦੀ ਸ਼ੂਗਰ ਦੀ ਦਵਾਈ ਵੀ ਪੁਲਸ ਚੁੱਕ ਕੇ ਲੈ ਗਈ। 
ਇਸ ਸਮੇਂ ਸੁਰਜੀਤ ਸਿੰਘ ਦੀ ਪਤਨੀ ਮਨਜੀਤ ਕੌਰ ਸਪੁੱਤਰੀਆਂ ਜਸਵੀਰ ਕੌਰ, ਮਨਪ੍ਰੀਤ ਕੌਰ ਅਤੇ ਪਿੰਡਾਂ ਦੇ ਲੋਕਾਂ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਰਾਜਪਾਲ ਪੰਜਾਬ, ਡੀ. ਜੀ. ਪੀ. ਪੰਜਾਬ ਅਤੇ ਜ਼ਿਲਾ ਪੁਲਸ ਮੁਖੀ ਮੋਗਾ ਅਤੇ ਪੰਜਾਬ ਪੁਲਸ ਦੇ ਹੋਰ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਘਟਨਾ ਦੀ ਜਾਂਚ ਕਰਵਾਈ ਜਾਵੇ, ਕਿਉਂਕਿ ਸੁਰਜੀਤ ਸਿੰਘ ਬਿਲਕੁਲ ਬੇਕਸੂਰ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਇਨਸਾਫ ਨਾ ਮਿਲਿਆ ਤਾਂ ਉਹ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।