ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਦੇ ਦੋਸ਼ ''ਚ ਔਰਤ ਸਣੇ 5 ਗ੍ਰਿਫਤਾਰ

07/16/2019 1:13:59 AM

ਲੁਧਿਆਣਾ,(ਗੌਤਮ): ਨਸ਼ੇ ਦੀ ਸਮੱਗਲਿੰਗ ਕਰਨ ਦੇ ਦੋਸ਼ 'ਚ ਥਾਣਾ ਹੈਬੋਵਾਲ ਦੀ ਪੁਲਸ ਨੇ ਔਰਤ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਦੋਸ਼ੀਆਂ ਨੂੰ ਵੱਖ-ਵੱਖ ਥਾਵਾਂ ਤੋਂ ਕਾਬੂ ਕਰ ਕੇ ਉਨ੍ਹਾਂ ਕੋਲੋਂ 555 ਗ੍ਰਾਮ ਨਸ਼ੇ ਵਾਲੇ ਪਦਾਰਥ ਬਰਾਮਦ ਕੀਤੇ ਹਨ। ਦੋਸ਼ੀਆਂ ਖਿਲਾਫ ਪੁਲਸ ਨੇ ਨਸ਼ਾ ਸਮੱਗਲਿੰਗ ਕਰਨ ਦੇ ਦੋਸ਼ 'ਚ ਪਰਚਾ ਦਰਜ ਕੀਤਾ ਹੈ।
ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਪੁਲਸ ਨੇ ਦੋਸ਼ੀਆਂ ਨੂੰ 1 ਦਿਨ ਦੇ ਪੁਲਸ ਰਿਮਾਂਡ 'ਤੇ ਲਿਆ ਹੈ। ਦੋਸ਼ੀਆਂ ਵਿਚ ਨਿਊ ਮਾਇਆ ਨਗਰ ਦਾ ਸੰਨੀ ਅਰੋੜਾ, ਨਿਊ ਪਟੇਲ ਨਗਰ ਦੀ ਰਹਿਣ ਵਾਲੀ ਜੋਤੀ, ਅਜੀਤ ਸਿੰਘ ਨਗਰ ਦਾ ਅਜੇ ਸ਼ਰਮਾ, ਬੈਂਕ ਕਾਲੋਨੀ ਦਾ ਰਹਿਣ ਵਾਲਾ ਅਮਿਤ ਕੁਮਾਰ ਅਤੇ ਨਿਊ ਦੀਪ ਨਗਰ ਸੌਰਵ ਜਸਕੋਟੀਆਂ ਸ਼ਾਮਲ ਹਨ। ਜਾਂਚ ਅਫਸਰ ਕਪਿਲ ਸ਼ਰਮਾ ਨੇ ਦੱਸਿਆ ਨਸ਼ਾ ਸਮੱਗਲਰਾਂ 'ਤੇ ਕਾਬੂ ਪਾਉਣ ਲਈ ਵੱਖ-ਵੱਖ ਟੀਮਾਂ ਬਣਾ ਕੇ ਇਲਾਕੇ ਵਿਚ ਰੇਡ ਕੀਤੀ ਗਈ ਸੀ। ਰੇਡ ਦੌਰਾਨ ਵੱਖ-ਵੱਖ ਥਾਵਾਂ ਤੋਂ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ। ਦੋਸ਼ੀ ਸੰਨੀ ਖਿਲਾਫ ਪਹਿਲਾਂ ਵੀ 6 ਅਤੇ ਔਰਤ ਜੋਤੀ ਖਿਲਾਫ ਅਪਰਾਧਕ ਕੇਸ ਦਰਜ ਹੈ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਦੋਸ਼ੀ ਲਾਡੋਵਾਲ ਕੋਲ ਰਜਾਪੁਰ, ਤਲਵੰਡੀ ਤੇ ਹੋਰਨਾਂ ਥਾਵਾਂ ਤੋਂ ਨਸ਼ੇ ਵਾਲਾ ਪਾਊਡਰ ਲਿਆ ਕੇ ਸਪਲਾਈ ਕਰਦੇ ਸਨ। ਦੋਸ਼ੀ ਖੁਦ ਵੀ ਨਸ਼ੇ ਦੇ ਆਦੀ ਹਨ ਅਤੇ ਪੈਸੇ ਕਮਾਉਣ ਲਈ ਨਸ਼ਾ ਸਪਲਾਈ ਵੀ ਕਰਦੇ ਹਨ। ਦੋਸ਼ੀਆਂ ਨੂੰ ਸਪਲਾਈ ਕਰਨ ਵਾਲੇ ਸਮੱਗਲਰਾਂ ਨੂੰ ਲੈ ਕੇ ਵੀ ਰੇਡ ਕੀਤੀ ਜਾ ਰਹੀ ਹੈ। ਦੋਸ਼ੀਆਂ ਤੋਂ ਹੋਰਨਾਂ ਸਮੱਗਲਰਾਂ ਅਤੇ ਉਨ੍ਹਾਂ ਸਬੰਧੀ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।