ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਗਈ ਪੁਲਸ ਟੀਮ ''ਤੇ ਹਮਲਾ, ਇਕ ਗ੍ਰਿਫਤਾਰ

10/03/2019 6:55:28 PM

ਤਰਨਤਾਰਨ,(ਹਰਮਨ): ਸ਼ਹਿਰ 'ਚ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਗਈ ਥਾਣਾ ਵਲਟੋਹਾ ਦੀ ਪੁਲਸ 'ਤੇ ਨਸ਼ਾ ਤਸਕਰਾਂ ਵਲੋਂ ਹਮਲਾ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਥਾਣਾ ਵਲਟੋਹਾ ਪੁਲਸ ਵੱਲੋਂ ਨਸ਼ਾ ਵੇਚਣ ਵਾਲੇ ਲੋਕਾਂ ਖਿਲਾਫ ਏ. ਐੱਸ. ਆਈ. ਸਤਨਾਮ ਸਿੰਘ ਦੀ ਅਗਵਾਈ 'ਚ ਕਾਰਵਾਈ ਕਰਨ ਗਈ ਟੀਮ 'ਤੇ ਨਸ਼ਾ ਵੇਚਣ ਵਾਲਿਆਂ ਨੇ ਹਮਲਾ ਕਰ ਦਿੱਤਾ। ਜਿਸ ਦੌਰਾਨ ਸਿਪਾਹੀ ਵੀਰਾਜ ਸਿੰਘ ਜ਼ਖਮੀ ਹੋ ਗਿਆ। ਇਸ ਮਾਮਲੇ ਨੂੰ ਲੈ ਕੇ ਪੁਲਸ ਨੇ 5 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਵਲਟੋਹਾ ਦੇ ਐਸ. ਐਚ. ਓ. ਹਰਚੰਦ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਵਲਟੋਹਾ ਦੇ ਗੁਰਸਾਹਿਬ ਸਿੰਘ ਉਰਫ ਗੋਰਾ ਪੁੱਤਰ ਜੰਗਾ ਸਿੰਘ ਜੋ ਕਿ ਨਸ਼ੇ ਦਾ ਕਾਰੋਬਾਰ ਕਰਦਾ ਹੈ। ਉਕਤ ਸੂਚਨਾ ਮਿਲਣ ਤੋਂ ਬਾਅਦ ਏ. ਐਸ. ਆਈ. ਸਤਨਾਮ ਸਿੰਘ ਨੇ ਪੁਲਸ ਪਾਰਟੀ ਸਮੇਤ ਗੁਰਸਾਹਿਬ ਸਿੰਘ ਦੇ ਘਰ ਛਾਪੇਮਾਰੀ ਕੀਤੀ, ਜਿਸ ਦੌਰਾਨ ਗੁਰਸਾਹਿਬ ਸਿੰਘ ਘਰ ਦੇ ਪਿੱਛੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਉਸੇ ਦੌਰਾਨ ਪੁਲਸ ਨਾਲ ਉਸ ਦਾ ਤਕਰਾਰ ਹੋ ਗਿਆ। ਇਸ ਦੌਰਾਨ ਗੁਰਸਾਹਿਬ ਤੇ ਉਸ ਦੇ ਕੁਝ ਸਾਥੀਆਂ ਨੇ ਕੈਂਚੀ ਨਾਲ ਪੁਲਸ ਮੁਲਾਜ਼ਮ ਵੀਰਾਜ ਸਿੰਘ 'ਤੇ ਹਮਲਾ ਕਰ ਦਿੱਤਾ, ਜਿਸ ਨਾਲ ਪੁਲਸ ਮੁਲਾਜ਼ਮ ਵੀਰਾਜ ਸਿੰਘ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਇਸ ਸਬੰਧੀ ਪੁਲਸ ਵੱਲੋਂ 5 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜਦ ਇਸ ਸਬੰਧੀ ਫੜੇ ਗਏ ਦੋਸ਼ੀ ਗੁਰਸਾਹਿਬ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ 'ਤੇ ਲਾਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਪੁਲਸ ਵਾਲੇ ਸਿਵਲ ਵਰਦੀ 'ਚ ਉਸ ਦੇ ਘਰ ਆਏ ਤੇ ਉਸ ਨਾਲ ਕੁੱਟਮਾਰ ਕਰਨ ਲੱਗ ਪਏ। ਜਿਸ ਕਾਰਨ ਉਸ ਦਾ ਪੁਲਿਸ ਪਾਰਟੀ ਨਾਲ ਤਕਰਾਰ ਹੋ ਗਿਆ ਹੈ ਤੇ ਮੈਂ ਜਾਣ ਬੁੱਝ ਕੇ ਪੁਲਸ ਪਾਰਟੀ ਨਾਲ ਕੁੱਟਮਾਰ ਨਹੀਂ ਕੀਤੀ। ਗੁਰਸਾਹਿਬ ਸਿੰਘ ਨੇ ਦੱਸਿਆ ਕਿ ਮੈਂ ਕੋਈ ਵੀ ਨਸ਼ੇ ਦਾ ਕਾਰੋਬਾਰ ਨਹੀਂ ਕਰਦਾ ਤੇ ਨਾ ਹੀ ਮੇਰੇ ਤੋਂ ਕੋਈ ਪੁਲਸ ਨੇ ਨਸ਼ਾ ਬਰਾਮਦ ਕੀਤਾ ਹੈ ਪਰ ਫਿਰ ਵੀ ਪੁਲਸ ਨੇ ਉਸ 'ਤੇ ਤੇ ਉਸ ਦੇ ਪਰਿਵਾਰ ਖਿਲਾਫ ਝੂਠਾ ਮਾਮਲਾ ਦਰਜ ਕਰ ਲਿਆ ਹੈ।