ਪਿਤਾ ਦਾ ਇਲਾਜ ਕਰਵਾਉਣ ਲਈ ਚੁਣਿਆ ਨਸ਼ਾ ਸਮੱਗਲਿੰਗ ਦਾ ਰਸਤਾ

01/21/2018 6:09:12 AM

ਲੁਧਿਆਣਾ(ਰਿਸ਼ੀ)-ਪਿਤਾ ਦਾ ਇਲਾਜ ਕਰਵਾਉਣ ਲਈ ਪੈਸੇ ਇਕੱਠੇ ਕਰਨ 'ਚ ਅਸਮਰਥ ਇਕਲੌਤੇ ਪੁੱਤਰ ਨੇ ਨਸ਼ਾ ਸਮੱਗਲਿੰਗ ਦਾ ਰਸਤਾ ਫੜ ਲਿਆ, ਜਿਸ ਨੂੰ ਐਂਟੀ ਨਾਰਕੋਟਿਕ ਸੈੱਲ ਦੀ ਪੁਲਸ ਨੇ ਲੱਖਾਂ ਦੀ 300 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰ ਕੇ ਥਾਣਾ ਡਵੀਜ਼ਨ ਨੰ. 2 'ਚ ਕੇਸ ਦਰਜ ਕੀਤਾ ਹੈ। ਸੈੱਲ ਇੰਚਾਰਜ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਫੜੇ ਗਏ ਸਮੱਗਲਰ ਦੀ ਪਛਾਣ ਰੋਹਿਤ ਤਲਵਾੜ (24) ਵਾਸੀ ਗੁਰੂ ਤੇਗ ਬਹਾਦਰ ਨਗਰ, ਜਮਾਲਪੁਰ ਵਜੋਂ ਹੋਈ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਸੂਚਨਾ ਦੇ ਆਧਾਰ 'ਤੇ ਈਸ਼ਾ ਨਗਰੀ ਨੇੜਿਓਂ ਗ੍ਰਿਫਤਾਰ ਕਰ ਲਿਆ, ਜਦ ਉਹ ਹੈਰੋਇਨ ਦੀ ਸਪਲਾਈ ਕਰਨ ਜਾ ਰਿਹਾ ਸੀ।  ਪੁੱਛਗਿਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸਦੇ ਪਿਤਾ ਦਾ ਚੂਲ੍ਹਾ ਟੁੱਟਿਆ ਹੋਇਆ ਹੈ, ਜਿਸ ਕਾਰਨ ਉਹ ਕਾਫੀ ਸਮੇਂ ਤੋਂ ਬੈੱਡ 'ਤੇ ਹਨ। ਉਸਦੀ ਲਾਟਰੀ ਦੀ ਦੁਕਾਨ ਸੀ ਪਰ ਉਹ ਇੰਨੇ ਪੈਸੇ ਨਹੀਂ ਕਮਾ ਪਾ ਰਿਹਾ ਸੀ ਕਿ ਪਿਤਾ ਦਾ ਇਲਾਜ ਕਰਵਾ ਸਕੇ। ਇਸ ਲਈ ਉਸਨੇ ਨਸ਼ਾ ਸਮੱਗਲਿੰਗ ਦਾ ਰਸਤਾ ਚੁਣ ਲਿਆ ਤਾਂ ਜੋ ਦਿਨਾਂ 'ਚ ਪੈਸੇ ਇਕੱਠੇ ਕਰ ਕੇ ਇਲਾਜ ਕਰਵਾ ਸਕੇ। ਪੁਲਸ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ 'ਤੇ ਲੈ ਕੇ ਗੰਭੀਰਤਾ ਨਾਲ ਪੁੱਛਗਿੱਛ ਕਰੇਗੀ। 
ਮਾਛੀਵਾੜਾ ਤੋਂ ਆਉਂਦੀ ਸੀ ਡਲਿਵਰੀ 
ਪੁਲਸ ਅਨੁਸਾਰ ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਰੋਹਿਤ ਨੂੰ ਹੈਰੋਇਨ ਦੀ ਡਲਿਵਰੀ ਮਾਛੀਵਾੜਾ ਤੋਂ ਆਉਂਦੀ ਸੀ, ਉਥੇ ਦਾ ਇਕ ਨੌਜਵਾਨ ਪੰਜਾਬ ਦਾ ਵੱਡਾ ਸਮੱਗਲਰ ਹੈ। ਪੁਲਸ ਦੀਆਂ ਕਈ ਟੀਮਾਂ ਉਸ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀਆਂ ਹਨ। 
ਸੱਟੇਬਾਜ਼ਾਂ ਨੇ ਕੀਤਾ ਕੰਗਾਲ 
ਪੁਲਸ ਅਨੁਸਾਰ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸਦੇ ਪਿਤਾ ਸ਼ਹਿਰ 'ਚ ਲਾਟਰੀ ਦੇ ਕਿੰਗਪਿਨ ਸੀ, ਉਨ੍ਹਾਂ ਦੀ ਦੋਸਤੀ ਕਈ ਸੱਟੇਬਾਜ਼ਾਂ ਨਾਲ ਹੋ ਗਈ। ਜਿਨ੍ਹਾਂ ਕੋਲ ਉਹ ਕਾਫੀ ਪੈਸੇ ਹਾਰ ਗਏ ਤਾਂ ਉਨ੍ਹਾਂ ਨੇ ਖੁਦ ਵਿਆਜ 'ਤੇ ਪੈਸੇ ਦੇ ਦਿੱਤੇ ਅਤੇ ਬਾਅਦ ਵਿਚ ਪੈਸੇ ਨਾ ਅਦਾ ਕਰਨ 'ਤੇ ਕੋਠੀ ਵੀ ਖਾਲੀ ਕਰਵਾ ਲਈ ਅਤੇ ਉਹ ਕਿਰਾਏ 'ਤੇ ਰਹਿਣ ਲੱਗੇ, ਫਿਰ ਪਿਤਾ ਦਾ ਚੂਲ੍ਹਾ ਟੁੱਟ ਗਿਆ।