ਨਸ਼ੇ ਵਾਲੇ ਪਾਊਡਰ ਸਣੇ ਕਾਬੂ ਕੀਤੇ ਨੌਜਵਾਨ ਪੁਲਸ ਰਿਮਾਂਡ ’ਤੇ

06/23/2018 12:30:17 AM

ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਪਿਛਲੇ ਦਿਨੀ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਸ ਵੱਲੋਂ  400 ਗ੍ਰਾਮ ਨਸ਼ੀਲੇ ਪਾਊਡਰ, ਪਿਸਤੋਲ, ਦੋ ਕਾਰਤੂਸ ਅਤੇ 3 ਲੱਖ 70 ਹਜ਼ਾਰ ਰੁਪਏ ਦੀ ਨਕਦੀ ਸਮੇਤ ਕਾਬੂ ਕੀਤੇ ਦੋ ਕਾਰ ਸਵਾਰ ਨੌਜਵਾਨਾਂ ਨੂੰ ਅੱਜ ਚਾਰ ਦਿਨ ਦੇ  ਪੁਲਸ ਰਿਮਾਂਡ ’ਤੇ ਭੇਜਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੁਲਵੀਰ ਸਿੰਘ ਕੰਗ ਮੁੱਖ ਅਫਸਰ ਥਾਣਾ ਸ੍ਰੀ ਕੀਰਤਪੁਰ ਸਾਹਿਬ ਨੇ ਦੱਸਿਆ ਕਿ ਕਾਬੂ ਕੀਤੇ ਅੰਕੁਰ ਜਸਵਾਲ ਪੁੱਤਰ ਰਾਮਪਾਲ ਜਸਵਾਲ ਅਤੇ ਅਜੈ ਕੁਮਾਰ ਪੁੱਤਰ ਸੁਵਾਮੀ ਸਿੰਘ ਵਾਸੀ ਪਿੰਡ ਮੋਡ਼ੂਆ ਨੂੰ ਬੀਤੇ ਦਿਨ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਦੋਵਾਂ ਦਾ ਪੁਲਸ ਨੂੰ ਇਕ ਦਿਨ ਦਾ ਰਿਮਾਂਡ ਮਿਲਿਆ ਸੀ, ਅੱਜ ਦੋਵਾਂ ਨੂੰ ਮੁਡ਼ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਪੁਲਸ ਨੇ ਜੱਜ ਸਾਹਿਬ ਤੋਂ ਦੋਵਾਂ ਦਾ ਰਿਮਾਂਡ ਮੰਗਿਆ, ਜਿਸ ’ਤੇ ਜੱਜ ਸਾਹਿਬ ਨੇ ਦੋਵਾਂ ਦਾ ਚਾਰ ਦਿਨ ਦਾ ਪੁਲਸ ਰਿਮਾਂਡ ਦੇ ਦਿੱਤਾ।
ਪੁਲਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਗੈਂਗਸਟਰ ਜਸਪਾਲ ਸਿੰਘ ਉਰਫ ਜੱਸੀ ਵਾਸੀ ਕਲਮਾਂ, ਜੋ ਕਪੂਰਥਲਾ ਜੇਲ ਵਿਚ ਬੰਦ ਹੈ ਤੇ ਜੇਲ ਵਿਚ ਬੈਠਾ ਹੀ ਨਸ਼ੇ ਦਾ ਕਾਰੋਬਾਰ ਚਲਾਂਉਦਾ ਹੈ, ਦੀ ਸਕਾਰਪੀਓ ਗੱਡੀ ਦਿਉਲ ਗਗਰੇਟ (ਹਿ. ਪ੍ਰ.) ਤੋਂ ਬਰਾਮਦ ਕਰ ਲਈ ਹੈ।