ਨਸ਼ੇ ਵਾਲੇ ਟੀਕੇ ਤੇ ਸ਼ੀਸ਼ੀਆਂ ਬਰਾਮਦ

07/02/2018 6:28:31 AM

ਸਮਰਾਲਾ, (ਗਰਗ)-  ਪੁਲਸ ਚੌਕੀ ਰੌਣੀ ਵਲੋਂ ਦੋ ਨੌਜਵਾਨਾਂ ਨੂੰ ਭਾਰੀ ਮਾਤਰਾ 'ਚ ਨਸ਼ੇ ਵਾਲੇ ਟੀਕਿਆਂ ਤੇ ਸ਼ੀਸ਼ੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਚੌਕੀ ਰੌਣੀ ਦੇ ਇੰਚਾਰਜ ਵਿਜੈਪਾਲ ਸਿੰਘ ਅੱਜ ਜਦੋਂ ਇਲਾਕੇ ਵਿਚ ਗਸ਼ਤ ਕਰ ਰਹੇ ਸਨ ਤਾਂ ਕਿਸੇ ਨੇ ਉਨ੍ਹਾਂ ਨੂੰ ਇਤਲਾਹ ਦਿੱਤੀ ਕਿ ਖੰਨਾ ਨਿਵਾਸੀ ਦੋ ਸਮੱਗਲਰ ਘੁੰਮ-ਫਿਰ ਕੇ ਨਸ਼ੇ ਵਾਲੇ ਟੀਕੇ ਤੇ ਨਸ਼ੇ ਵਾਲੇ ਹੋਰ ਪਦਾਰਥ ਨਸ਼ੇੜੀਆਂ ਨੂੰ ਸਪਲਾਈ ਕਰ ਰਹੇ ਹਨ। ਇਸ 'ਤੇ ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਪਿੰਡ ਮੰਡੇਰ ਵਿਖੇ ਨਾਕਾਬੰਦੀ ਕਰਦੇ ਹੋਏ ਚੈਕਿੰਗ ਸ਼ੁਰੂ ਕੀਤੀ ਤਾਂ ਮੋਹਣਾ ਤੇ ਸ਼ਿਵਮ ਵਾਸੀ ਲਲਹੇੜੀ ਰੋਡ ਖੰਨਾ ਨੂੰ ਕਾਬੂ ਕਰਕੇ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਤੋਂ ਨਸ਼ੇ ਦੀ ਦਵਾਈ ਵਾਲੀਆਂ 36 ਸ਼ੀਸ਼ੀਆਂ, 11 ਸਰਿੰਜਾਂ ਤੇ 26 ਨਸ਼ੇ ਵਾਲੇ ਟੀਕੇ ਬਰਾਮਦ ਹੋਏ। ਪੁਲਸ ਨੇ ਦੋਵਾਂ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।