ਡਰੱਗ ਮਾਮਲਾ : ਐੱਸ. ਐੱਸ. ਪੀ. ਰਾਜਜੀਤ ਦੇ ਰੋਲ ਦੀ ਜਾਂਚ ਸਬੰਧੀ ਐੱਸ. ਆਈ. ਟੀ. ਨੇ ਹਾਈਕੋਰਟ ਨੂੰ ਸੌਂਪੀ ਰਿਪੋਰਟ

02/02/2018 6:52:19 AM

ਚੰਡੀਗੜ੍ਹ(ਬਰਜਿੰਦਰ)-ਡਰੱਗ ਦੀ ਰੋਕਥਾਮ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਚੱਲ ਰਹੇ ਮਾਮਲੇ ਵਿਚ ਵੀਰਵਾਰ ਨੂੰ ਸੁਣਵਾਈ ਦੌਰਾਨ ਐੱਨ. ਡੀ. ਪੀ. ਐੱਸ. ਦੇ ਇਕ ਕੇਸ ਵਿਚ ਮੋਗਾ ਦੇ ਐੱਸ. ਐੱਸ. ਪੀ. ਰਾਜਜੀਤ ਸਿੰਘ ਹੁੰਦਲ ਦੇ ਰੋਲ ਦੀ ਜਾਂਚ ਲਈ ਗਠਿਤ ਐੱਸ. ਆਈ. ਟੀ. ਨੇ ਆਪਣੀ ਪਹਿਲੀ ਅੰਤਰਿਮ ਰਿਪੋਰਟ ਪੇਸ਼ ਕੀਤੀ। ਦਰਅਸਲ ਕੇਸ ਵਿਚ ਮੁਲਜ਼ਮ ਇੰਸਪੈਕਟਰ ਇੰਦਰਜੀਤ ਸਿੰਘ ਦੇ ਐੱਸ. ਐੱਸ. ਪੀ. ਰਾਜਜੀਤ ਨਾਲ ਨਜ਼ਦੀਕੀ ਸਬੰਧ ਤੇ ਰਾਜਜੀਤ ਦੀ ਕੇਸ ਵਿਚ ਸ਼ਾਮਲ ਹੋਣ ਦੀ ਮੰਗ ਐਮਿਕਸ ਕਿਊਰੀ ਨੇ ਕੀਤੀ ਸੀ। ਐੱਸ. ਆਈ. ਟੀ. ਨੇ ਹੁੰਦਲ ਬਾਰੇ ਅੰਤਰਿਮ ਰਿਪੋਰਟ ਪੇਸ਼ ਕਰਨ ਲਈ ਦੋ ਮਹੀਨਿਆਂ ਦਾ ਸਮਾਂ ਮੰਗਿਆ। ਹਾਈਕੋਰਟ ਨੇ ਐੱਸ. ਐੱਸ. ਪੀ. ਰਾਜਜੀਤ ਦੇ ਰੋਲ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਸਬੰਧੀ ਕਿਹਾ ਕਿ ਜੇਕਰ ਐੱਸ. ਆਈ. ਟੀ. ਦੀ ਜਾਂਚ ਲਈ ਕਿਸੇ ਪੁਲਸ ਅਫ਼ਸਰ ਜਾਂ ਅਫ਼ਸਰਾਂ ਦੀ ਲੋੜ ਪਏ ਤਾਂ ਪੰਜਾਬ ਦੇ ਡੀ. ਜੀ. ਪੀ. ਤੇ ਗ੍ਰਹਿ ਸਕੱਤਰ ਉਨ੍ਹਾਂ ਨੂੰ ਮੁਹੱਈਆ ਕਰਵਾਏ। ਹਾਈਕੋਰਟ ਨੇ ਕਿਹਾ ਕਿ ਐੱਸ. ਐੱਸ. ਪੀ. ਰਾਜਜੀਤ ਦੇ ਮਾਮਲੇ ਵਿਚ ਐੱਸ. ਆਈ. ਟੀ. ਪੈਸਿਆਂ ਨਾਲ ਜੁੜਿਆ ਪਹਿਲੂ ਡਾਇਰੈਕਟਰ ਆਫ਼ ਇਨਫੋਰਸਮੈਂਟ (ਈ. ਡੀ.) ਨਾਲ ਸਾਂਝਾ ਕੀਤਾ ਜਾਵੇ। ਕੇਸ ਦੀ ਅਗਲੀ ਸੁਣਵਾਈ ਹੁਣ 15 ਮਾਰਚ ਨੂੰ ਹੋਵੇਗੀ। ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਡਰੱਗ ਕੇਸ ਨਾਲ ਜੁੜੇ ਦੋਸ਼ਾਂ ਨੂੰ ਲੈ ਕੇ ਐੱਸ. ਟੀ. ਐੱਫ. ਨੇ ਅੰਤਿਮ ਰਿਪੋਰਟ ਹਾਈਕੋਰਟ ਨੂੰ ਸੌਂਪ ਦਿੱਤੀ ਹੈ। ਮਜੀਠੀਆ ਸਬੰਧੀ ਐੱਸ. ਟੀ. ਐੱਫ. ਵਲੋਂ ਪੇਸ਼ ਕੀਤੀ ਗਈ ਰਿਪੋਰਟ ਬਾਰੇ ਹਾਈਕੋਰਟ ਨੇ ਕਿਹਾ ਕਿ ਰਿਪੋਰਟ ਦੀ ਸੀਲਡ ਕਾਪੀ ਈ. ਡੀ. ਤੇ ਸਰਕਾਰ ਨੂੰ ਵੀ ਦਿੱਤੀ ਜਾਵੇ।