''ਉੜਤਾ ਜਲੰਧਰ'' ਕੀ ਹੋ ਰਿਹਾ ਹੈ ਸ਼ਹਿਰ ਦਾ ਹਾਲ

09/18/2018 10:06:00 AM

ਜਲੰਧਰ, (ਸ਼ੋਰੀ)—ਸਰਕਾਰ ਵਲੋਂ ਨਸ਼ਿਆਂ ਦੀ ਰੋਕਥਾਮ ਲਈ ਕੀਤੀਆਂ ਜਾਣ ਵਾਲੀਆਂ ਭਰਪੂਰ ਕੋਸ਼ਿਸ਼ਾਂ ਦੇ ਬਾਵਜੂਦ ਅਜੇ ਵੀ ਕੁਝ ਨਸ਼ਾ ਸਮੱਗਲਰ ਸਰਗਰਮ ਹਨ ਅਤੇ ਨਸ਼ਾ ਵੇਚ ਕੇ ਮੋਟੀ ਕਮਾਈ ਕਰ ਰਹੇ ਹਨ। ਹੁਣ ਤਾਂ ਸ਼ਹਿਰ ਨੂੰ ਵੀ 'ਉੜਤਾ ਜਲੰਧਰ' ਦੇ ਨਾਂ ਨਾਲ ਬੁਲਾਇਆ ਜਾਣ ਲੱਗਾ ਹੈ।

ਬੀਤੀ ਦੇਰ ਸ਼ਾਮ ਜਲੰਧਰ ਦੀਆਂ ਵੱਖ-ਵੱਖ ਥਾਵਾਂ 'ਤੇ ਨਸ਼ਿਆਂ ਕਾਰਨ 5 ਨੌਜਵਾਨਾਂ ਦੀ ਹਾਲਤ ਵਿਗੜ ਗਈ। ਸਾਰਿਆਂ ਦੀ ਉਮਰ 25-30 ਸਾਲ ਦੀ ਹੈ। ਲੋਕਾਂ ਨੇ 108 ਦੀ ਐਂਬੂਲੈਂਸ ਨੂੰ ਸੂਚਨਾ ਦੇ ਕੇ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ। ਅਜੇ ਸਾਰਿਆਂ ਦੀ ਪਛਾਣ ਨਹੀਂ ਹੋ ਸਕੀ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨਾਲ ਸੰਪਰਕ ਨਹੀਂ ਹੋ ਸਕਿਆ ਪਰ ਸੋਮਵਾਰ ਸਵੇਰੇ ਨਸ਼ਾ ਖਤਮ ਹੋਣ ਤੋਂ ਬਾਅਦ ਆਪਣੇ-ਆਪਣੇ ਘਰਾਂ ਨੂੰ ਚਲੇ ਗਏ। ਸ਼ਾਇਦ ਉਹ ਫਿਰ ਕਦੀ ਵੀ ਦੁਬਾਰਾ ਵਿਗੜੀ ਹਾਲਤ 'ਚ ਹਸਪਤਾਲ ਆ ਸਕਦੇ ਹਨ। ਪਹਿਲੀ ਘਟਨਾ ਸੋਢਲ ਫਾਟਕ ਦੀ ਹੈ, ਜਿੱਥੇ 2 ਨੌਜਵਾਨ ਰੇਲਵੇ ਲਾਈਨਾਂ 'ਤੇ ਬੇਹੋਸ਼ੀ ਦੀ ਹਾਲਤ ਵਿਚ ਡਿੱਗੇ ਹੋਏ ਸਨ। ਨੌਜਵਾਨਾਂ ਕੋਲ ਨਸ਼ੇ ਦੇ ਟੀਕੇ ਪਏ ਸਨ। ਲੋਕਾਂ ਨੇ 108 ਐਂਬੂਲੈਂਸ ਦੀ ਮਦਦ ਨਾਲ ਉਨ੍ਹਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਦੂਜੀ ਘਟਨਾ ਵਿਚ ਸ਼ਰਾਬ ਦੇ ਨਸ਼ੇ ਵਿਚ ਇਕ ਨੌਜਵਾਨ ਸਬਜ਼ੀ ਮੰਡੀ ਰੋਡ ਕੋਲ ਜ਼ਮੀਨ 'ਤੇ ਬੇਹੋਸ਼ੀ ਦੀ ਹਾਲਤ ਡਿੱਗਿਆ ਮਿਲਿਆ। ਮਕਸੂਦਾਂ ਮੰਡੀ ਕੋਲ ਵੀ ਇਕ ਸ਼ਰਾਬੀ ਹੋਏ ਇਕ ਵਿਅਕਤੀ ਨੇ ਆਪਣੀ ਸਕੂਟਰੀ ਸਾਨ੍ਹ ਵਿਚ ਮਾਰ ਦਿੱਤੀ। ਸਾਨ੍ਹ ਦਾ ਤਾਂ ਕੁਝ ਨਹੀਂ ਵਿਗੜਿਆ। ਉਲਟਾ ਸਕੂਟਰੀ ਸਵਾਰ ਤੇ ਉਸਦੇ ਪਿੱਛੇ ਬੈਠਾ ਉਸਦਾ ਦੋਸਤ ਜ਼ਮੀਨ 'ਤੇ ਡਿੱਗਣ ਨਾਲ ਜ਼ਖ਼ਮੀ ਹੋ ਗਏ।