ਪਾਣੀ ਦੀ ਬੂੰਦ-ਬੂੰਦ ਨੂੰ ਤਰਸੇ ਜਨੌੜੀ ਵਾਸੀ

12/25/2017 1:58:11 AM

ਹਰਿਆਣਾ, (ਰਾਜਪੂਤ)- ਕੰਢੀ ਇਲਾਕੇ ਦੇ ਇਤਿਹਾਸਕ ਪਿੰਡ ਜਨੌੜੀ ਵਾਸੀ ਪਿਛਲੇ ਕਈ ਹਫ਼ਤਿਆਂ ਤੋਂ ਘਰਾਂ ਵਿਚ ਪਾਣੀ ਨਾ ਆਉਣ ਕਰ ਕੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਰਜਿੰਦਰ ਕੁਮਾਰ, ਰਘੁਵੀਰ ਸਿੰਘ, ਗੌਰਵ ਕੁਮਾਰ, ਵਿਜੇ ਕੁਮਾਰ, ਮਨੋਜ ਕੁਮਾਰ, ਲਾਲਾ ਜੀ, ਦਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਵਿਚ ਸਰਕਾਰੀ ਪਾਣੀ ਦੀ ਸਪਲਾਈ ਬਿਲਕੁਲ ਵੀ ਸੁਚਾਰੂ ਢੰਗ ਨਾਲ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਜੋ ਪਾਣੀ ਦੇ ਬਿੱਲ ਪਹਿਲਾਂ 60 ਰੁਪਏ ਲਏ ਜਾਂਦੇ ਸਨ, ਹੁਣ 125 ਰੁਪਏ ਕਰ ਕੇ ਲੋਕਾਂ ਦਾ ਲੱਕ ਤੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਅਫ਼ਸਰ ਹਰ ਸਾਲ ਪਾਣੀ ਦੇ ਬਿੱਲ ਦੇ ਪੈਸੇ ਤਾਂ ਲੈ ਕੇ ਚਲੇ ਜਾਂਦੇ ਹਨ, ਪਰ ਇਸ ਵੱਲ ਧਿਆਨ ਨਹੀਂ ਦਿੰਦੇ ਕਿ ਪਾਣੀ ਹਰ ਘਰ 'ਚ ਪਹੁੰਚ ਵੀ ਰਿਹਾ ਹੈ ਜਾਂ ਨਹੀਂ। 
ਮੁੱਲਾ ਕਨਾਲੀਆਂ, ਸ਼ਿਵ ਨਗਰ, ਗੁਜਰਾਲਾ, ਡੰਡੋਹੀਆਂ ਆਦਿ ਦੇ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਿੰਡਾਂ ਵਿਚ ਰੋਜ਼ਾਨਾ ਨਿਰੰਤਰ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਦੀਪੂ ਠਾਕੁਰ, ਸੁਦੇਸ਼ ਕੁਮਾਰ, ਜਸਵੀਰ ਸਿੰਘ, ਜਿੰਦਰ ਸ਼ਰਮਾ ਆਦਿ ਵੀ ਮੌਜੂਦ ਸਨ।