ਸਿੱਧੂ ਦੇ ਸਮਰਥਨ ''ਚ ਉਤਰੀ ਨਵਜੋਤ ਕੌਰ, ਦਿੱਤਾ ਵੱਡਾ ਬਿਆਨ

12/03/2018 9:02:44 AM

ਚੰਡੀਗੜ੍ਹ— ਪਾਕਿਸਤਾਨ ਵਿਚ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਬਣਨ ਪਿੱਛੋਂ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਲਗਾਤਾਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਸੁਰਖੀਆਂ ਵਿਚ ਆ ਰਹੇ ਹਨ। ਉਨ੍ਹਾਂ ਦੇ ਕਈ ਬਿਆਨਾਂ ਕਾਰਨ ਵਿਵਾਦ ਖੜ੍ਹੇ ਹੋਏ ਹਨ।ਸਿੱਧੂ 'ਤੇ ਤਾਜ਼ਾ ਦੋਸ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਪਮਾਨ ਦਾ ਲੱਗਾ ਹੈ। ਹਾਲ ਹੀ 'ਚ ਸਿੱਧੂ ਨੇ ਇਕ ਬਿਆਨ ਦਿੱਤਾ ਸੀ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਅਮਰਿੰਦਰ ਸਿੰਘ ਤਾਂ ਫੌਜ ਦੇ ਕੈਪਟਨ ਸਨ, ਮੇਰੇ ਕੈਪਟਨ ਤਾਂ ਰਾਹੁਲ ਗਾਂਧੀ ਸਾਹਬ ਹਨ।
ਸਿੱਧੂ ਦੇ ਇਸ ਬਿਆਨ 'ਤੇ ਪੰਜਾਬ ਕਾਂਗਰਸ ਦੇ ਕੁਝ ਆਗੂਆਂ ਨੇ ਵੀ ਖੁੱਲ੍ਹ ਕੇ ਨਾਰਾਜ਼ਗੀ ਪ੍ਰਗਟ ਕੀਤੀ ਹੈ। ਇਸ ਪਿੱਛੋਂ ਵਿਵਾਦ ਵਧਦਾ ਦੇਖ ਕੇ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਐਤਵਾਰ ਆਪਣੇ ਪਤੀ ਦੇ ਬਚਾਅ ਵਿਚ ਸਫਾਈ ਦਿੱਤੀ।ਨਵਜੋਤ ਕੌਰ ਨੇ ਇਹ ਕਹਿ ਕੇ ਵਿਵਾਦ ਨੂੰ ਠੱਲ੍ਹ ਪਾਉਣ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਦੇ ਪਤੀ ਹਮੇਸ਼ਾ ਇਹ ਕਹਿੰਦੇ ਹਨ ਕਿ ਕੈਪਟਨ ਸਾਹਬ ਉਨ੍ਹਾਂ ਦੇ ਪਿਤਾ ਵਾਂਗ ਹਨ।ਅਸੀਂ ਦੋਵੇਂ ਇਹ ਗੱਲ ਹਮੇਸ਼ਾ ਸਪੱਸ਼ਟ ਰੱਖਦੇ ਹਾਂ ਕਿ ਕੈਪਟਨ ਸਾਹਿਬ ਦਾ ਸਨਮਾਨ ਸਭ ਗੱਲਾਂ ਤੋਂ ਉੱਪਰ ਹੈ। ਨਵਜੋਤ ਸਿੰਘ ਸਿੱਧੂ ਦਾ ਅੱਧਾ-ਅਧੂਰਾ ਨਹੀਂ, ਪੂਰਾ ਬਿਆਨ ਸਭ ਨੂੰ ਪੜ੍ਹਨਾ ਚਾਹੀਦਾ ਹੈ।ਡਾ. ਸਿੱਧੂ ਨੇ ਆਖਿਆ ਕਿ ਉਨ੍ਹਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ ਤੇ ਇਸ ਬਿਆਨ ਵਿਚਲੇ ਕਈ ਤੱਥ ਨਹੀਂ ਦੱਸੇ ਗਏ, ਜਿਸ ਕਾਰਨ ਬੇਲੋੜਾ ਵਿਵਾਦ ਪੈਦਾ ਹੋ ਗਿਆ।

ਉਨ੍ਹਾਂ ਕਿਹਾ ਕਿ ਸ੍ਰੀ ਸਿੱਧੂ ਨੇ ਕੋਈ ਗਲਤੀ ਨਹੀਂ ਕੀਤੀ ਹੈ, ਇਸ ਲਈ ਉਨ੍ਹਾਂ ਦੇ ਅਸਤੀਫੇ ਦੀ ਮੰਗ ਜਾਇਜ਼ ਨਹੀਂ ਹੈ। ਮੈਡਮ ਸਿੱਧੂ ਨੇ ਕਿਹਾ ਕਿ ਸ੍ਰੀ ਸਿੱਧੂ ਨੇ ਹਮੇਸ਼ਾ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਪਿਤਾ ਬਰਾਬਰ ਮੰਨਿਆ ਹੈ।ਉਂਝ ਵੀ ਉਹ ਇੱਕੋ ਸ਼ਹਿਰ ਪਟਿਆਲੇ ਦੇ ਹਨ ਅਤੇ ਅਸੀਂ ਦੋਵੇਂ ਹੀ ਉਨ੍ਹਾਂ ਦਾ ਮਾਣ-ਸਤਿਕਾਰ ਕਰਦੇ ਹਾਂ ਤੇ ਅਮਰਿੰਦਰ ਸਿੰਘ ਵੀ ਸਾਨੂੰ ਬੱਚਿਆਂ ਵਾਂਗ ਪਿਆਰ ਕਰਦੇ ਹਨ।ਉਨ੍ਹਾਂ ਕਿਹਾ ਕਿ ਇਸ ਵਿਚ ਕੁਝ ਵੀ ਗਲਤ ਨਹੀਂ ਹੈ ਕਿ ਰਾਹੁਲ ਗਾਂਧੀ ਸਾਡੇ ਸਾਰਿਆਂ ਸਮੇਤ ਸਮੁੱਚੀ ਕਾਂਗਰਸ ਦੇ ਕਪਤਾਨ ਹਨ।ਜ਼ਿਕਰਯੋਗ ਹੈ ਕਿ ਹੈਦਰਾਬਾਦ ਵਿਚ ਸਿੱਧੂ ਵੱਲੋਂ ਦਿੱਤੇ ਬਿਆਨ 'ਤੇ ਕਾਂਗਰਸੀਆਂ ਨੇ ਅਸਤੀਫੇ ਦੀ ਮੰਗ ਕੀਤੀ ਹੈ। ਅਸਤੀਫੇ ਦੀ ਮੰਗ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਜੇਕਰ ਸਿੱਧੂ, ਕੈਪਟਨ ਅਮਰਿੰਦਰ ਨੂੰ ਆਪਣਾ ਆਗੂ ਨਹੀਂ ਮੰਨਦੇ ਤਾਂ ਫਿਰ ਕੈਬਨਿਟ ਵਿਚ ਬਣੇ ਰਹਿਣ ਦੀ ਕੀ ਤੁਕ ਹੈ।