ਡਾ. ਨਰਿੰਦਰ ਭਾਰਗਵ ਨੇ ਮਾਨਸਾ ਵਿਖੇ ਬਤੌਰ SSP ਸੰਭਾਲਿਆ ਅਹੁਦਾ

07/19/2019 10:57:33 PM

ਮਾਨਸਾ, (ਮਿੱਤਲ) : ਮਾਨਸਾ ਜ਼ਿਲੇ 'ਚ ਡਾ. ਨਰਿੰਦਰ ਭਾਰਗਵ ਨੇ ਬਤੌਰ ਐਸ. ਐਸ. ਪੀ. ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਵੀ ਡਾ. ਭਾਰਗਵ ਸਾਲ 2012-13 ਦੌਰਾਨ ਮਾਨਸਾ ਜ਼ਿਲੇ 'ਚ ਬਤੌਰ ਐਸ. ਐਸ. ਪੀ. ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ। ਮਾਨਸਾ ਵਿਖੇ ਅੱਜ ਆਪਣਾ ਅਹੁਦਾ ਸੰਭਾਲਣ ਤੋਂ ਪਹਿਲਾਂ ਡਾ. ਭਾਰਗਵ ਬਤੌਰ ਐਸ. ਐਸ. ਪੀ. ਹੁਸ਼ਿਆਰਪੁਰ, ਜਲੰਧਰ ਰੂਰਲ, ਫਾਜ਼ਿਲਕਾ ਤੇ ਕਮਾਂਡੈਂਟ 3 ਆਈ. ਆਰ. ਬੀ. ਲੁਧਿਆਣਾ ਤੇ ਕਮਾਂਡੈਂਟ 7 ਆਈ. ਆਰ. ਬੀ. ਕਪੂਰਥਲਾ ਵਿਖੇ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ। ਇਸ ਤੋਂ ਇਲਾਵਾ ਉਹ ਡੀ. ਸੀ. ਪੀ. ਲੁਧਿਆਣਾ ਵੀ ਤਾਇਨਾਤ ਰਹੇ ਹਨ।
ਆਪਣਾ ਅਹੁਦਾ ਸੰਭਾਲਦਿਆਂ ਹੀ ਡਾ. ਨਰਿੰਦਰ ਭਾਰਗਵ ਨੇ ਜ਼ਿਲੇ ਦੇ ਸਮੂਹ ਸੀਨੀਅਰ ਪੁਲਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਹਦਾਇਤਾਂ ਕੀਤੀਆਂ ਕਿ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਨਸ਼ੇ ਦੇ ਤਸਕਰਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ ਤੇ ਨਾ ਹੀ ਜ਼ਿਲੇ ਅੰਦਰ ਕਿਸੇ ਵੀ ਤਰ੍ਹਾਂ ਦੇ ਸ਼ਰਾਰਤੀ ਅਨਸਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਆਸ-ਪਾਸ ਕੋਈ ਨਸ਼ਾ ਤਸਕਰ ਜਾਂ ਕੋਈ ਹੋਰ ਸ਼ੱਕੀ ਵਿਅਕਤੀ ਦਿਖਾਈ ਦਿੰਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਜ਼ਿਲਾ ਪੁਲਸ ਨੂੰ ਦਿੱਤੀ ਜਾਵੇ ਤਾਂ ਜੋ ਸਮਾਂ ਰਹਿੰਦਿਆਂ ਹੀ ਅਜਿਹੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸ਼ਾਂਤਮਈ ਅਤੇ ਸਾਫ਼-ਸੁਥਰੇ ਸਮਾਜ ਦੀ ਸਿਰਜਣਾ 'ਚ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ।