ਕੈਪਟਨ ਦੇ ਐਲਾਨ ਤੋਂ ਬਾਅਦ ਡੋਪ ਟੈਸਟ ''ਤੇ ਆਪ ਵਿਧਾਇਕ ਨੇ ਸਾਧਿਆ ਨਿਸ਼ਾਨਾ

07/06/2018 7:40:15 AM

ਮੋਹਾਲੀ (ਰਾਣਾ, ਨਿਆਮੀਆ) - ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸਰਕਾਰੀ ਮੁਲਾਜ਼ਮਾਂ ਤੇ ਅਫਸਰਾਂ ਨੂੰ ਡੋਪ ਟੈਸਟ ਕਰਵਾਉਣ ਦੇ ਨਿਰਦੇਸ਼ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿਚ ਵੀ ਹਲਚਲ ਪੈਦਾ ਹੋ ਗਈ ਹੈ, ਜਿਸ ਕਾਰਨ ਅਗਲੇ ਹੀ ਦਿਨ ਵੀਰਵਾਰ ਨੂੰ ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਮੋਹਾਲੀ ਦੇ ਫੇਜ਼-6 ਸਿਵਲ ਹਸਪਤਾਲ ਵਿਚ ਆਪਣਾ ਡੋਪ ਟੈਸਟ ਕਰਵਾਉਣ ਪਹੁੰਚੇ, ਜਿੱਥੇ ਉਨ੍ਹਾਂ ਨੇ ਡੋਪ ਟੈਸਟ ਦੇਣ ਤੋਂ ਬਾਅਦ ਸਿੱਧਾ ਹਮਲਾ ਪੰਜਾਬ ਦੇ ਮੁੱਖ ਮੰਤਰੀ 'ਤੇ ਹੀ ਬੋਲ ਦਿੱਤਾ। ਉਨ੍ਹਾਂ ਕਿਹਾ ਕਿ ਡੋਪ ਟੈਸਟ ਕਰਵਾਉਣ ਦੀ ਪਹਿਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖੁਦ ਤੋਂ ਕਰਨੀ ਚਾਹੀਦੀ ਸੀ। ਉਥੇ ਹੀ, ਫੇਜ਼-6 ਦੇ ਸਿਵਲ ਹਸਪਤਾਲ ਪੁੱਜੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਵਜਾ ਨੇ ਇਸਦਾ ਜਵਾਬ ਦਿੰਦੇ ਹੋਏ ਕਿਹਾ ਕਿ ਪਹਿਲਾਂ ਤੁਸੀਂ ਆਪਣੇ ਨੇਤਾ ਸੁਖਪਾਲ ਸਿੰਘ ਖਹਿਰਾ ਤੇ ਭਗਵੰਤ ਮਾਨ ਦਾ ਡੋਪ ਟੈਸਟ ਕਰਵਾਓ, ਇਸ ਤੋਂ ਬਾਅਦ ਨਸ਼ਾ ਕਰਨ ਵਾਲਿਆਂ ਦਾ ਸੱਚ ਸਾਹਮਣੇ ਆ ਜਾਵੇਗਾ। ਕੈਬਨਿਟ ਮੰਤਰੀ ਨੂੰ ਹਸਪਤਾਲ ਤੋਂ ਬਿਨਾਂ ਡੋਪ ਟੈਸਟ ਕਰਵਾਏ ਹੀ ਜਾਣਾ ਪਿਆ।  
ਇਸ ਮੌਕੇ ਕੈਬਨਿਟ ਮੰਤਰੀ ਬਾਜਵਾ ਨੇ ਕਿਹਾ ਕਿ ਡੋਪ ਟੈਸਟ ਵਿਚ ਜੇਕਰ ਕੋਈ ਸਰਕਾਰੀ ਅਫਸਰ ਜਾਂ ਮੁਲਾਜ਼ਮ ਪਾਜ਼ੀਟਿਵ ਪਾਇਆ ਜਾਂਦਾ ਹੈ ਤਾਂ ਪਹਿਲਾਂ ਉਸ ਦਾ ਇਲਾਜ ਕਰਵਾਇਆ ਜਾਵੇਗਾ ਤੇ ਬਾਅਦ 'ਚ ਉਸਨੂੰ ਡਿਸਮਿਸ ਕਰ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਅਕਾਲੀ ਸਰਕਾਰ 'ਤੇ ਵੀ ਹਮਲਾ ਬੋਲਦੇ ਹੋਏ ਕਿਹਾ ਕਿ ਅਕਾਲੀ ਸਰਕਾਰ ਨੇ ਸੂਬੇ ਨੂੰ ਨਸ਼ੇ ਦਾ ਡੰਗ ਮਾਰਿਆ ਹੈ, ਜਿਸ ਨੂੰ ਹੁਣ ਉਹ ਠੀਕ ਕਰਨ 'ਚ ਲੱਗੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੋਸ਼ਿਸ਼ ਇਹੀ ਹੈ ਕਿ ਪੰਜਾਬ ਖੁਸ਼ਹਾਲ ਬਣੇ। ਇਸ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਹਰ ਇਕ ਨੇਤਾ ਜਾਂ ਵਿਅਕਤੀ ਨੂੰ ਡੋਪ ਟੈਸਟ ਕਰਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਟੈਸਟ ਕਰਵਾਉਣ ਲਈ ਆਏ ਸਨ ਪਰ ਉਨ੍ਹਾਂ ਦਾ ਪੀ. ਜੀ. ਆਈ. ਤੋਂ ਇਲਾਜ ਚੱਲ ਰਿਹਾ ਹੈ, ਜਿਸ ਕਾਰਨ ਡਾਕਟਰਾਂ ਨੇ ਸਲਾਹ ਦਿੱਤੀ ਹੈ ਕਿ ਤਿੰਨ ਦਿਨ ਤਕ ਦਵਾਈਆਂ ਬੰਦ ਕਰ ਦੇਣ। ਇਸ ਤੋਂ ਬਾਅਦ ਉਹ ਆਪਣਾ ਟੈਸਟ ਕਰਵਾਉਣ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਸੋਮਵਾਰ ਨੂੰ ਆਪਣਾ ਟੈਸਟ ਕਰਵਾਉਣ ਲਈ ਆਉਣਗੇ।  
ਜ਼ਿਆਦਾ ਨਹੀਂ ਬੋਲੇ ਭਗਵੰਤ ਮਾਨ 'ਤੇ
ਅਮਨ ਅਰੋੜਾ ਤੋਂ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛਿਆ ਕਿ ਭਗਵੰਤ ਮਾਨ 'ਤੇ ਨਸ਼ੇ ਦਾ ਆਦੀ ਹੋਣ ਦੇ ਦੋਸ਼ ਲੱਗਦੇ ਰਹੇ ਹਨ। ਇਥੋਂ ਤੱਕ ਵੀ ਕਿਹਾ ਜਾਂਦਾ ਰਿਹਾ ਹੈ ਕਿ ਉਹ ਸ਼ਰਾਬ ਪੀ ਕੇ ਜਨ-ਸਭਾਵਾਂ 'ਚ ਜਾਂਦੇ ਰਹੇ ਹਨ। ਕੀ ਤੁਸੀਂ ਉਨ੍ਹਾਂ ਨੂੰ ਕਹੋਗੇ ਕਿ ਉਹ ਡੋਪ ਟੈਸਟ ਕਰਵਾਉਣ। ਇਸ ਦੇ ਜਵਾਬ 'ਚ ਅਰੋੜਾ ਨੇ ਕਿਹਾ ਕਿ ਬਿਲਕੁੱਲ ਭਗਵੰਤ ਮਾਨ ਨੂੰ ਵੀ ਡੋਪ ਟੈਸਟ ਕਰਵਾਉਣਾ ਚਾਹੀਦਾ ਹੈ ਪਰ ਉਹ ਹਾਲੇ ਬਾਹਰ ਹਨ, ਇਸ ਤੋਂ ਬਾਅਦ ਉਹ ਇਸ ਗੱਲ ਤੋਂ ਦੂਰ ਜਾਂਦੇ ਨਜ਼ਰ ਆਏ।  
ਰਾਜਨੇਤਾ ਤੇ ਪੁਲਸ ਵਿਕਵਾਉਂਦੀ ਹੈ ਨਸ਼ਾ : ਅਰੋੜਾ
ਅਰੋੜਾ ਨੇ ਸਰਕਾਰ ਦੇ ਨਾਲ ਪੁਲਸ ਨੂੰ ਵੀ ਲਪੇਟੇ 'ਚ ਲੈਂਦੇ ਹੋਏ ਦੋਸ਼ ਲਾਇਆ ਕਿ ਨਸ਼ਾ ਮਾਫੀਆ 'ਚ ਇੰਨੀ ਹਿੰਮਤ ਕਿਥੋਂ ਕਿ ਉਹ ਖੁੱਲ੍ਹੇਆਮ ਨਸ਼ੇ ਦੀ ਸਪਲਾਈ ਕਰ ਸਕਣ। ਉਨ੍ਹਾਂ ਦੇ ਪੰਜਾਬ ਨੂੰ ਸਿੰਥੈਟਿਕ ਡਰਗ ਅਤੇ ਚਿੱਟੇ ਨੇ ਖਤਮ ਕਰ ਦਿੱਤਾ ਹੈ। ਪੰਜਾਬ ਦੇ ਨੌਜਵਾਨਾਂ ਦੀ ਜਵਾਨੀ ਖਤਮ ਹੁੰਦੀ ਜਾ ਰਹੀ ਹੈ। ਇਸ ਵਿਚ ਨਸ਼ਾ ਮਾਫੀਆ ਦਾ ਸਾਥ ਪੁਲਸ ਅਤੇ ਰਾਜਨੇਤਾ ਦਿੰਦੇ ਹਨ। ਜਦੋਂ ਪੁਲਸ ਨਸ਼ਾ ਵੇਚਣ ਵਾਲਿਆਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤਾਂ ਰਾਜਨੇਤਾ ਹੀ ਉਨ੍ਹਾਂ ਨੂੰ ਜੇਲ ਤੋਂ ਛੁਡਵਾਉਣ ਲਈ ਆਉਂਦੇ ਹਨ।  
ਸੋਮਵਾਰ ਨੂੰ ਹੋਵੇਗਾ ਕੈਬਨਿਟ ਮੰਤਰੀ ਬਾਜਵਾ ਦਾ ਟੈਸਟ :
ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਡੋਪ ਟੈਸਟ ਕਰਵਾਉਣ ਤੋਂ ਬਿਨਾਂ ਪਰਤਣਾ ਪਿਆ, ਕਿਉਂਕਿ ਬਾਵਜਾ ਦਾ ਪੀ.ਜੀ.ਆਈ. ਤੋਂ ਇਲਾਜ ਚੱਲ ਰਿਹਾ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਪਹਿਲਾਂ ਤਿੰਨ ਦਿਨ ਤੱਕ ਆਪਣੀ ਦਵਾਈ ਬੰਦ ਕਰਨ। ਉਸ ਤੋਂ ਬਾਅਦ ਹੀ ਉਹ ਸੋਮਵਾਰ ਨੂੰ ਆ ਕੇ ਟੈਸਟ ਕਰਵਾਉਣ।