ਖਾਰੇ ਵਾਲੇ ਸੂਏ ’ਚ ਪਾਣੀ ਨਾ ਆਉਣ ਕਾਰਨ ਕਿਸਾਨ ਪ੍ਰੇਸ਼ਾਨ

07/18/2018 6:32:33 AM

ਚੋਹਲਾ ਸਾਹਿਬ,   (ਨਈਅਰ)-  ਸੈਂਕਡ਼ੇ ਪਿੰਡਾਂ ’ਚੋਂ  ਲੰਘਣ ਵਾਲਾ ਪਾਣੀ ਵਾਲਾ ਸੂਆ ਜੋ ਨਗਰ ਚੋਹਲਾ ਸਾਹਿਬ ਦੇ ਨਜ਼ਦੀਕੀ ਪਿੰਡ ਖਾਰੇ ’ਚੋਂ ਦੀ ਗੁਜ਼ਰਦਾ ਹੈ, ਜਿਸ ’ਚ ਕਾਫੀ ਦਿਨਾਂ ਤੋਂ ਪਾਣੀ ਨਾ ਆਉਣ ਕਾਰਨ ਕਿਸਾਨ ਪ੍ਰੇਸ਼ਾਨ ਹਨ। ਜਾਣਕਾਰੀ ਦਿੰਦੇ ਹੋਏ ਕਿਸਾਨ ਹਰਜਿੰਦਰ ਸਿੰਘ, ਜੈਮਲ ਸਿੰਘ, ਦਾਰਾ ਸਿੰਘ, ਦਿਲਬਾਗ ਸਿੰਘ, ਬਲਬੀਰ ਸਿੰਘ, ਸਵਿੰਦਰ ਸਿੰਘ, ਜੁਗਿੰਦਰ ਸਿੰਘ, ਸਤਨਾਮ ਸਿੰਘ, ਗੁਰਸਾਹਿਬ ਸਿੰਘ, ਭੁਪਿੰਦਰ ਸਿੰਘ, ਗੁਰਬੀਰ ਸਿੰਘ ਆਦਿ ਕਿਸਾਨਾਂ ਨੇ ਦੁਖੀ ਹਿਰਦੇ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੀਆਂ ਜ਼ਮੀਨਾਂ ਦੀ ਸਿੰਚਾਈ ਉਕਤ ਖਾਰੇ ਵਾਲੇ ਸੂਏ ਦੇ ਪਾਣੀ ਨਾਲ ਸੌਖੀ ਹੁੰਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਟਿਊਬਵੈੱਲ ਨਹੀਂ ਚਲਾਉਣੇ ਪੈਂਦੇ। ਇਸ ਨਾਲ ਧਰਤੀ ਵਿਚਲੇ ਪਾਣੀ ਦੀ ਬਚਤ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਹੁਣ ਝੋਨਾ ਲਾਉਣ ਦਾ ਸਮਾਂ ਜ਼ੋਰਾਂ ’ਤੇ ਹੈ, ਜਿਸ ਕਾਰਨ ਜ਼ਮੀਨਾਂ ’ਚ ਪਾਣੀ ਖਡ਼੍ਹਾ ਹੋਣਾ ਬਹੁਤ ਜ਼ਰੂਰੀ ਹੈ ਪਰ ਵਾਰ-ਵਾਰ ਉਨ੍ਹਾਂ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਸੂਏ ’ਚ ਪਾਣੀ ਛੱਡ ਦਿਓ ਤਾਂ ਜੋ ਕਿਸਾਨ ਆਪਣੀ ਝੋਨੇ ਦੀ ਫਸਲ ਦੀ ਬਿਜਾਈ ਸਮੇਂ ਸਿਰ ਅਤੇ ਸੌਖੇ ਤਰੀਕੇ ਨਾਲ ਕਰ ਸਕਣ ਪਰ ਮਹਿਕਮੇ ਦੇ ਅਧਿਕਾਰੀ ਕਿਸਾਨਾਂ ਨੂੰ ਲਾਰੇ ਲਾ ਰਹੇ ਹਨ ਕਿ ਜਲਦ ਹੀ ਪਾਣੀ ਸੂਏ ’ਚ ਆ ਜਾਵੇਗਾ ਪਰ ਥੋੜ੍ਹਾ ਬਹੁਤ ਪਾਣੀ ਆਉਂਦਾ ਹੈ ਫਿਰ ਬੰਦ ਹੋ ਜਾਂਦਾ ਹੈ, ਜਿਸ ਕਾਰਨ ਕਿਸਾਨ ਕਾਫੀ ਪ੍ਰੇਸ਼ਾਨ ਹਨ। ਇਸ ਸਬੰਧੀ ਪੱਤਰਕਾਰਾਂ ਨੇ ਸਬੰਧਤ ਅਧਿਕਾਰੀ ਨਾਲ ਫੋਨ ’ਤੇ ਵਾਰ-ਵਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਸਕਿਆ। ਕਿਸਾਨਾਂ ਨੇ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਜਲਦ ਤੋਂ ਜਲਦ ਅਤੇ ਪੂਰੀ ਮਾਤਰਾ ’ਚ ਪਾਣੀ ਖਾਰੇ ਵਾਲੇ ਸੂਏ ’ਚ ਛੱਡਿਆ ਜਾਵੇ।