ਜ਼ਿਲੇ ''ਚ ਪਟਾਕਿਆਂ ਦੀ ਵਿਕਰੀ ਲਈ ਥਾਵਾਂ ਨਿਰਧਾਰਤ

09/29/2017 6:31:45 PM

ਕਪੂਰਥਲਾ(ਮਲਹੋਤਰਾ)— ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਮੁਹੰਮਦ ਤਈਅਬ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਕੀਤੇ ਹਨ ਕਿ ਜ਼ਿਲੇ 'ਚ ਕੋਈ ਵੀ ਵਿਅਕਤੀ ਨਿਰਧਾਰਤ ਕੀਤੇ ਸਥਾਨਾਂ ਤੋਂ ਇਲਾਵਾ ਕਿਸੇ ਵੀ ਹੋਰ ਜਗ੍ਹਾ 'ਤੇ ਪਟਾਕੇ, ਆਤਿਸ਼ਬਾਜ਼ੀ ਅਤੇ ਵਿਸਫੋਟਕ ਸਮੱਗਰੀ ਦਾ ਭੰਡਾਰਨ (ਸਟੋਰੇਜ) ਅਤੇ ਵਿਕਰੀ ਨਹੀਂ ਕਰੇਗਾ ਅਤੇ ਨਾ ਹੀ ਸਬੰਧਤ ਉੱਪ ਮੰਡਲ ਮੈਜਿਸਟ੍ਰੇਟ ਤੋਂ ਲਿਖਤੀ ਪ੍ਰਵਾਨਗੀ/ਲਾਇਸੈਂਸ ਲਏ ਬਿਨਾਂ ਪਟਾਕੇ ਵੇਚੇਗਾ। ਇਸ ਤੋਂ ਇਲਾਵਾ ਚਾਈਨੀਜ਼ ਪਟਾਕੇ ਸਟੋਰ ਕਰਨ, ਵੇਚਣ ਅਤੇ ਵਰਤਣ 'ਤੇ ਪੂਰਨ ਪਾਬੰਦੀ ਹੋਵੇਗੀ। 
ਜਾਰੀ ਹੁਕਮਾਂ ਅਨੁਸਾਰ ਕਪੂਰਥਲਾ ਵਿਖੇ ਪਟਾਕੇ ਵੇਚਣ ਲਈ ਰਣਧੀਰ ਜਗਜੀਤ ਹਸਪਤਾਲ (ਐਬਰੋਲ ਫੈਕਟਰੀ ਏਰੀਆ) ਅਸ਼ੋਕ ਵਿਹਾਰ ਨੇੜੇ ਖਾਲੀ ਗਰਾਊਂਡ ਸਰਕੁਲਰ ਰੋਡ ਕਪੂਰਥਲਾ ਦਾ ਸਥਾਨ ਨਿਰਧਾਰਤ ਕੀਤਾ ਗਿਆ ਹੈ। ਇਸੇ ਤਰ੍ਹਾਂ ਫਗਵਾੜਾ 'ਚ ਚਾਰ ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚ ਦੁਸਹਿਰਾ ਗਰਾਊਂਡ ਨੇੜੇ ਗੋਲ ਚੌਕ ਹਦੀਆਬਾਦ, ਖੇਡ ਸਟੇਡੀਅਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਪ੍ਰਾਚੀਨ ਸ਼ਿਵ ਮੰਦਰ ਤਲਾਬ ਮੇਹਲੀ ਗੇਟ ਅਤੇ ਖੇਡ ਸਟੇਡੀਅਮ ਮੁਹੱਲਾ ਬਾਬਾ ਗਧੀਆ ਸ਼ਾਮਲ ਹਨ। ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਵਿਚ ਪਾਣੀ ਵਾਲੀ ਟੈਂਕੀ (ਵਾਟਰ ਪੰਪ ਨੰ. 1) ਨਜ਼ਦੀਕ ਦਫਤਰ ਬੀ. ਡੀ. ਪੀ. ਓ. ਦਾ ਸਥਾਨ ਪਟਾਕੇ ਵੇਚਣ ਲਈ ਨਿਸ਼ਚਿਤ ਕੀਤਾ ਗਿਆ ਹੈ। ਇਸੇ ਤਰ੍ਹਾਂ ਭੁਲੱਥ 'ਚ ਪਟਾਕੇ ਵੇਚਣ ਲਈ 5 ਥਾਵਾਂ ਨਿਰਧਰਤ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚ ਸਰਕਾਰੀ ਕਾਲਜ ਭੁਲੱਥ ਦੀ ਗਰਾਊਂਡ, ਬੱਸ ਸਟਾਪ ਨਜ਼ਦੀਕ ਦਫਤਰ ਨਗਰ ਪੰਚਾਇਤ ਭੁਲੱਥ, ਸਰਕਾਰੀ ਸਕੂਲ ਬੇਗੋਵਾਲ ਦੀ ਗਰਾਊਂਡ, ਮੀਖੋਵਾਲ ਗੁਰਦੁਆਰਾ ਦੇ ਨੇੜੇ ਪਾਰਕ ਬੇਗੋਵਾਲ ਅਤੇ ਬੀ. ਡੀ. ਪੀ. ਦਫਤਰ ਨਡਾਲਾ ਦੇ ਨੇੜੇ ਵਾਲੀ ਥਾਂ ਸ਼ਾਮਲ ਹਨ। ਇਹ ਹੁਕਮ 1 ਅਕਤੂਬਰ 2017 ਤੋਂ 25 ਅਕਤੂਬਰ 2017 ਤੱਕ ਲਾਗੂ ਰਹਿਣਗੇ।