ਵਾਰਡ ਨੰ. 12 'ਚ ਸੀਵਰੇਜ ਜਾਮ ਹੋਣ ਕਾਰਨ ਗਲੀਆਂ 'ਚ ਖੜ੍ਹਾ ਗੰਦਾ ਪਾਣੀ

02/14/2018 6:02:29 AM

ਬੇਗੋਵਾਲ, (ਰਾਜਿੰਦਰ)- ਕਸਬਾ ਬੇਗੋਵਾਲ ਵਿਚ ਪਾਈ ਗਈ ਸੀਵਰੇਜ ਲਾਈਨ ਨੂੰ ਲੈ ਕੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। ਹੁਣ ਸ਼ਹਿਰ ਦੇ ਵਾਰਡ ਨੰ. 12 ਵਿਚ ਸੀਵਰੇਜ ਲਾਈਨ ਜਾਮ ਹੋਣ ਕਾਰਨ ਇਥੋਂ ਦੀਆਂ ਅਨੇਕਾਂ ਗਲੀਆਂ ਗੰਦੇ ਪਾਣੀ ਨਾਲ ਭਰੀਆਂ ਪਈਆਂ ਹਨ। 
ਇਸ ਸਬੰਧੀ ਵਾਰਡ ਨਿਵਾਸੀ ਨਿਸ਼ਾਨ ਸਿੰਘ ਸਾਹੀ ਚੇਅਰਮੈਨ ਲਾਇਨਜ਼ ਕਲੱਬ ਬੇਗੋਵਾਲ ਸੇਵਾ, ਹਰਜੀਤ ਸਿੰਘ, ਅਮਰੀਕ ਸਿੰਘ, ਮਹਿੰਦਰਪਾਲ ਸਿੰਘ ਤੇ ਪ੍ਰੇਮ ਆਦਿ ਨੇ ਗਲੀਆਂ ਵਿਚ ਖੜ੍ਹੇ ਪਾਣੀ ਨੂੰ ਦਿਖਾਉਂਦਿਆਂ ਦੱਸਿਆ ਕਿ ਬੀਤੇ ਕਾਫੀ ਸਮੇਂ ਤੋਂ ਵਾਰਡ ਵਿਚਲੀ ਸੀਵਰੇਜ ਲਾਈਨ ਜਾਮ ਹੈ। ਪਾਣੀ ਦੀ ਨਿਕਾਸੀ ਨਹੀਂ ਹੋ ਰਹੀ। ਘਰਾਂ ਦੀਆਂ ਪਾਈਪ ਲਾਈਨਾਂ ਵਿਚੋਂ ਸੀਵਰੇਜ ਵਿਚ ਜਾਂਦਾ ਗੰਦਾ ਪਾਣੀ ਸੀਵਰੇਜ ਹੌਦੀ ਵਿਚੋਂ ਲੀਕੇਜ ਹੁੰਦਾ ਹੋਇਆ ਮੁਹੱਲੇ ਦੀਆਂ ਗਲੀਆਂ ਵਿਚ ਖੜ੍ਹ ਜਾਂਦਾ ਹੈ।  ਮੁਹੱਲੇ ਵਿਚ ਹਮੇਸ਼ਾ ਬਦਬੂ ਆਉਂਦੀ ਰਹਿੰਦੀ ਹੈ। ਗਲੀਆਂ ਵਿਚੋਂ ਲੰਘਣ ਤੋਂ ਇਲਾਵਾ ਜਿਊਣਾ ਮੁਹਾਲ ਹੋਇਆ ਪਿਆ ਹੈ। ਸਾਰੇ ਲੋਕ ਮੁਸ਼ਕਲ ਵਿਚ ਹਨ। ਵਾਰਡ ਕੌਂਸਲਰ ਜਗਜੀਤ ਸਿੰਘ ਖਾਸਰੀਆਂ, ਨਗਰ ਪੰਚਾਇਤ ਤੇ ਸੀਵਰੇਜ ਵਿਭਾਗ ਨੂੰ ਵੀ ਕਹਿ ਚੁੱਕੇ ਹਾਂ ਪਰ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। 
ਉਨ੍ਹਾਂ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ। ਦੂਜੇ ਪਾਸੇ ਇਸ ਸਬੰਧ ਵਿਚ ਜਦੋਂ ਸੀਵਰੇਜ ਵਿਭਾਗ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸੰਪਰਕ ਨਹੀਂ ਹੋ ਸਕਿਆ। 
ਕੀ ਕਹਿੰਦੇ ਨੇ ਕੌਂਸਲਰ?
ਇਸ ਸਬੰਧ ਵਿਚ ਜਦੋਂ ਵਾਰਡ ਨੰਬਰ 12 ਦੇ ਕੌਂਸਲਰ ਜਗਜੀਤ ਸਿੰਘ ਖਾਸਰੀਆ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਵਾਰਡ ਵਿਚਲਾ ਸੀਵਰੇਜ ਜਾਮ ਦੀ ਸਮੱਸਿਆ ਸਬੰਧੀ ਮੇਰੀ ਸੀਵਰੇਜ ਵਿਭਾਗ ਨਾਲ ਗੱਲ ਹੋਈ ਹੈ। ਕੱਲ ਨੂੰ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ।