ਆਪਣੀ ਭੈਣ ਦੇ ਸੁਖੀ ਨਾ ਵਸਣ ਤੇ ਪਿਤਾ ਦੀ ਕੁੱਟਮਾਰ ਤੋਂ ਪ੍ਰੇਸ਼ਾਨ ਹੋਈ ਲੜਕੀ ਨੇ ਲਿਆ ਫਾਹਾ

02/16/2021 8:58:06 PM

ਭਵਾਨੀਗੜ੍ਹ, (ਵਿਕਾਸ)- ਨੇੜਲੇ ਪਿੰਡ ਕਾਲਾਝਾੜ ਵਿਖੇ ਇੱਕ ਨੌਜਵਾਨ ਲੜਕੀ ਨੇ ਘਰ 'ਚ ਫਾਹਾ ਲੈ ਕੇ ਅਪਣੀ ਜੀਵਨ ਲੀਲਾ ਖਤਮ ਕਰ ਲਈ। ਪੁਲਸ ਨੇ ਇਸ ਸਬੰਧੀ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਚੰਨੋ ਚੌਂਕੀ ਦੇ ਇੰਚਾਰਜ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਜਗਮੀਤ ਸਿੰਘ ਵਾਸੀ ਕਾਲਾਝਾੜ ਨੇ ਬਿਆਨ ਦਰਜ ਕਰਵਾਏ ਹਨ ਕਿ ਉਸ ਦੀ ਵੱਡੀ ਲੜਕੀ ਮਨਪ੍ਰੀਤ ਕੌਰ ਨਾਭਾ ਵਿਖੇ ਵਿਆਹੀ ਹੋਈ ਹੈ ਜਿੱਥੇ ਉਸਦਾ ਪਤੀ ਲਖਵਿੰਦਰ ਸਿੰਘ ਅਤੇ ਸਹੁਰਾ ਬਾਲ ਸਿੰਘ ਅਕਸਰ ਹੀ ਮਨਪ੍ਰੀਤ ਕੌਰ ਦੀ ਕੁੱਟਮਾਰ ਕਰਦੇ ਸਨ। ਜਿਸਦੇ ਚੱਲਦਿਆਂ ਬੀਤੀ 13 ਫਰਵਰੀ ਨੂੰ ਜਦੋਂ ਉਹ ਆਪਣੀ ਲੜਕੀ ਮਨਪ੍ਰੀਤ ਕੌਰ ਨੂੰ ਲੈਣ ਲਈ ਨਾਭਾ ਵਿਖੇ ਉਸਦੇ ਸਹੁਰੇ ਘਰ ਗਿਆ ਤਾਂ ਉੱਥੇ ਲਖਵਿੰਦਰ ਸਿੰਘ ਅਤੇ ਉਸਦੇ ਪਿਤਾ ਬਾਲ ਸਿੰਘ ਨੇ ਮਨਪ੍ਰੀਤ ਕੌਰ ਸਮੇਤ ਉਸ ਨਾਲ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਨਾਭਾ ਹਸਪਤਾਲ ਵਿਖੇ ਦਾਖਲ ਹੋਣਾ ਪਿਆ ਅਤੇ ਅੱਜ ਜਦੋਂ ਉਹ ਹਸਪਤਾਲ 'ਚੋਂ ਛੁੱਟੀ ਲੈ ਕੇ ਅਪਣੇ ਪਿੰਡ ਕਾਲਾਝਾੜ ਵਿਖੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਘਰ ਵਿੱਚ ਉਨ੍ਹਾਂ ਦੀ ਇਕੱਲੀ ਛੋਟੀ ਲੜਕੀ ਕੁਲਵਿੰਦਰ ਕੌਰ (23) ਨੇ ਚੁੰਨੀ ਨਾਲ ਗਲ ਫਾਹਾ ਲੈ ਰੱਖਿਆ ਸੀ। ਜਗਮੀਤ ਸਿੰਘ ਨੇ ਦੋਸ਼ ਲਗਾਇਆ ਕਿ ਉਸਦੀ ਲੜਕੀ ਕੁਲਵਿੰਦਰ ਕੌਰ ਨੇ ਆਪਣੀ ਭੈਣ ਦੇ ਸੁਖੀ ਨਾ ਵਸਣ ਕਾਰਣ ਅਤੇ ਆਪਣੇ ਪਿਤਾ ਦੀ ਹੋਈ ਕੁੱਟਮਾਰ ਤੋਂ ਪ੍ਰੇਸ਼ਾਨ ਹੋ ਕੇ ਆਤਮਹੱਤਿਆ ਕਰਨ ਦਾ ਕਦਮ ਚੁੱਕਿਆ। ਐਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਜਗਮੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਮਨਪ੍ਰੀਤ ਕੌਰ ਦੇ ਪਤੀ ਲਖਵਿੰਦਰ ਸਿੰਘ ਅਤੇ ਸਹੁਰਾ ਬਾਲ ਸਿੰਘ ਵਾਸੀ ਨਾਭਾ ਖ਼ਿਲਾਫ਼ ਪਰਚਾ ਦਰਜ ਕਰਕੇ ਤਫਤੀਸ਼ ਆਰੰਭ ਕਰ ਦਿੱਤੀ ਹੈ।



 
 

Bharat Thapa

This news is Content Editor Bharat Thapa