ਜ਼ਿਲਾ ਪ੍ਰਸ਼ਾਸਨ ਨੇ ਕੋਵਿਡ ਕੇਅਰ ਸੈਂਟਰਾਂ ’ਚ ਲੈਵਲ 1, 2 ਅਤੇ 3 ਦਾ ਬੁਨਿਆਦੀ ਢਾਂਚਾ ਕੀਤਾ ਮਜ਼ਬੂਤ : ਡੀ. ਸੀ.

07/19/2020 8:13:55 AM

ਜਲੰਧਰ, (ਚੋਪੜਾ)– ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਕੋਰੋਨਾ ਵਾਇਰਸ ਮਹਾਮਾਰੀ ਤੋਂ ਜ਼ਿਲੇ ਦੇ ਲੋਕਾਂ ਦੀ ਜਾਨ ਬਚਾਉਣ ਲਈ ਵਚਨਬੱਧ ਹੈ। ਜ਼ਿਲੇ ਵਿਚ ਕੋਵਿਡ-19 ਦੀ ਮੌਜੂਦਾ ਸਥਿਤੀ ਅਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਸਿਵਲ, ਸਿਹਤ ਅਤੇ ਪੁਲਸ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਕੋਰੋਨਾ ਵਾਇਰਸ ਕਰ ਕੇ ਹੋਣ ਵਾਲੀ ਮੌਤਾਂ ਦੀ ਦਰ ਘੱਟ ਕਰਨ ਲਈ ਜ਼ਿਲੇ ਵਿਚ ਪ੍ਰਭਾਵਸ਼ਾਲੀ ਕਲੀਨੀਕਲ ਪ੍ਰਬੰਧ ’ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ।

 ਉਨ੍ਹਾਂ ਕਿਹਾ ਕਿ ਬਹੁਪੱਖੀ ਰਣਨੀਤੀ ਅਧੀਨ ਜ਼ਿਲਾ ਪ੍ਰਸ਼ਾਸਨ ਵਲੋਂ ਕੰਟੇਨਮੈਂਟ ਅਤੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਵਿਚ ਕੋਰੋਨਾ ਵਾਇਰਸ ਪ੍ਰਭਾਵਿਤ ਮਰੀਜ਼ਾਂ ਦਾ ਜਲਦ ਪਤਾ ਲਾਉਣ ਲਈ ਟੈਸਟ ਕੀਤੇ ਜਾ ਰਹੇ ਹਨ। ਗੰਭੀਰ ਮਾਮਲਿਆਂ ’ਚ ਪ੍ਰਭਾਵੀ ਢੰਗ ਨਾਲ ਮੈਡੀਕਲ ਪ੍ਰਬੰਧ ਯਕੀਨੀ ਬਣਾ ਕੇ ਮਰੀਜ਼ਾਂ ਨੂੰ ਸਮੇਂ ’ਤੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਜਾ ਰਿਹਾ ਹੈ। ਡੀ. ਸੀ. ਨੇ ਕਿਹਾ ਕਿ ਜ਼ਿਲੇ ਅਤੇ ਕੋਵਿਡ ਕੇਅਰ ਸੈਂਟਰਾਂ (ਲੈਵਲ-1, 2, 3) ਵਿਚ ਪਹਿਲਾਂ ਹੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਚੁੱਕਾ ਹੈ ਅਤੇ ਮਰੀਜ਼ਾਂ ਲਈ ਸਾਰੀ ਮੈਡੀਕਲ ਸਹੂਲਤ ਨੂੰ ਯਕੀਨੀ ਬਣਾਇਆ ਗਿਆ ਹੈ।

 ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਜਲੰਧਰ ਵਿਚ 500 ਪਾਜ਼ੇਟਿਵ ਮਰੀਜ਼ਾਂ ਵਾਲੇ ਜ਼ਿਲਿਆਂ ਦੀ ਤੁਲਨਾ ਵਿਚ ਵਾਇਰਸ ਕਾਰਣ ਮੌਤਾਂ ਦੀ ਦਰ ਬਹੁਤ ਘੱਟ ਹੈ ਅਤੇ ਇਹ ਸੂਬੇ ਵਿਚ 13ਵੇਂ ਨੰਬਰ ’ਤੇ ਆਉਂਦਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲੇ ਵਿਚ ਜਿਨ੍ਹਾਂ ਇਲਾਕਿਆਂ ਵਿਚ ਕੇਸ ਜ਼ਿਆਦਾ ਆ ਰਹੇ ਹਨ, ਉਨ੍ਹਾਂ ਦੀ ਬਾਰੀਕੀ ਨਾਲ ਪਛਾਣ ਲਈ ਉਚਿਤ ਪ੍ਰਬੰਧ ਕੀਤੇ ਜਾਣ। ਜ਼ਿਲੇ ਵਿਚ ਹਾਲਾਤ ਕਾਬੂ ਵਿਚ ਹਨ ਅਤੇ ਲੋਕਾਂ ਨੂੰ ਸਮੇਂ ’ਤੇ ਕੋਰੋਨਾ ਟੈਸਟ ਕਰਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਮਰੀਜ਼ਾਂ ਦਾ ਇਲਾਜ ਕਰ ਕੇ ਮਹਾਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

Lalita Mam

This news is Content Editor Lalita Mam