ਅਮਰੀਕਾ 'ਚ ਸੰਗਤ ਵੱਲੋਂ ਗੁਰੂ ਘਰ 'ਚ ਚੜ੍ਹਾਏ ਹਜ਼ਾਰਾਂ ਰੁਮਾਲੇ ਕੂੜੇ 'ਚੋਂ ਮਿਲੇ

11/17/2017 12:31:03 PM

ਚੰਡੀਗੜ੍ਹ/ ਮਾਛੀਵਾੜਾ ਸਾਹਿਬ  (ਟੱਕਰ) - ਅਮਰੀਕਾ ਦੇ ਦੇ ਇਕ ਗੁਰਦੁਆਰਾ ਸਾਹਿਬ ਵਿਚ ਸਿੱਖ ਸੰਗਤ ਵੱਲੋਂ ਸ਼ਰਧਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਭੇਟ ਕੀਤੇ ਸੁੰਦਰ ਰੁਮਾਲੇ ਤੇ ਹੋਰ ਸਾਮਾਨ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਇਹ ਸਾਰੇ ਸੁੰਦਰ ਰੁਮਾਲੇ ਉਥੇ ਕੂੜੇ ਦੇ ਡੰਪ ਤੋਂ ਬਰਾਮਦ ਹੋਏ ਹਨ।  ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਵੀਡੀਓ ਅਨੁਸਾਰ ਅਮਰੀਕਾ 'ਚ ਕੂੜੇ ਦੇ ਡੰਪ 'ਤੇ ਕੰਮ ਕਰਦੇ ਇਕ ਪੰਜਾਬੀ ਨੌਜਵਾਨ ਵੱਲੋਂ ਜਦੋਂ ਟਰੱਕ 'ਚ ਭਰੇ ਲਿਫਾਫੇ ਖੋਲ੍ਹੇ ਗਏ ਤਾਂ ਉਸ ਵਿਚ ਸਿੱਖ ਸੰਗਤਾਂ ਵੱਲੋਂ ਬੜੇ ਹੀ ਕੀਮਤੀ ਸੁੰਦਰ ਰੁਮਾਲੇ ਜੋ ਅਰਦਾਸ ਕਰਨ ਲਈ ਬੜੀ ਸ਼ਰਧਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਭੇਟ ਕੀਤੇ ਗਏ ਸਨ, ਬਰਾਮਦ ਹੋਏ। ਰੁਮਾਲਿਆਂ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਭਾਲ ਲਈ ਸਿੱਖ ਸੰਗਤ ਵੱਲੋਂ ਚੜ੍ਹਾਇਆ ਹੋਰ ਕਈ ਤਰ੍ਹਾਂ ਦਾ ਸਾਮਾਨ, ਜਿਸ 'ਚ ਰਜਾਈਆਂ ਤੇ ਕੰਬਲ ਵੀ ਹਨ, ਵੀ ਕੂੜੇ ਦੇ ਡੰਪ 'ਚੋਂ ਬਰਾਮਦ ਹੋਏ।
 ਵਿਦੇਸ਼ ਦੇ ਇਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਇਹ ਸਾਰੇ ਰੁਮਾਲੇ ਜਿਨ੍ਹਾਂ ਦੀ ਗਿਣਤੀ ਹਜ਼ਾਰਾਂ ਵਿਚ ਹੈ, ਨੂੰ ਲਿਫਾਫਿਆਂ 'ਚ ਬੰਦ ਕਰ ਕੇ ਕੂੜਾ ਡੰਪ ਕਰਨ ਵਾਲਿਆਂ ਨੂੰ ਚੁਕਵਾ ਦਿੱਤੇ ਗਏ ਹਨ। ਇਸ ਮਾਮਲੇ ਦਾ ਖੁਲਾਸਾ ਕਰਨ ਵਾਲਾ ਨੌਜਵਾਨ ਦੱਸ ਰਿਹਾ ਹੈ ਕਿ ਲੋਕਾਂ ਵੱਲੋਂ ਕਰੀਬ 50 ਤੋਂ 100 ਡਾਲਰ ਦੇ ਕੇ ਇਹ ਰੁਮਾਲੇ ਗੁਰੂ ਗ੍ਰੰਥ ਸਾਹਿਬ 'ਤੇ ਭੇਟ ਕੀਤੇ ਜਾਂਦੇ ਹਨ ਪਰ ਉਨ੍ਹਾਂ ਦੀ ਅਜਿਹੀ ਬੇਕਦਰੀ ਦੇਖ ਕੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਬਹੁਤ ਠੇਸ ਪੁੱਜੇਗੀ।  
ਰੁਮਾਲਿਆਂ ਦੀ ਬੇਅਦਬੀ ਮੰਦਭਾਗੀ : ਜਥੇ. ਦਾਦੂਵਾਲ
ਸਰਬੱਤ ਖਾਲਸਾ ਵੱਲੋਂ ਐਲਾਨੇ ਗਏ ਮਤਵਾਜ਼ੀ ਜਥੇ. ਬਲਜੀਤ ਸਿੰਘ ਦਾਦੂਵਾਲ ਨਾਲ ਜਦੋਂ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਭਾਰਤ 'ਚ ਤਾਂ ਗੁਰਦੁਆਰਾ ਸਾਹਿਬਾਨ 'ਚ ਸੰਗਤ ਵੱਲੋਂ ਭੇਟ ਕੀਤੇ ਰੁਮਾਲਿਆਂ ਨੂੰ ਬੜੇ ਹੀ ਸਤਿਕਾਰ ਨਾਲ ਅਗਨ ਭੇਟ ਕਰ ਕੇ ਸਸਕਾਰ ਕੀਤਾ ਜਾਂਦਾ ਹੈ ਪਰ ਵਿਦੇਸ਼ 'ਚ ਕੂੜੇ ਦੇ ਡੰਪ ਤੋਂ ਰੁਮਾਲਿਆਂ ਦਾ ਮਿਲਣਾ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਵਿਦੇਸ਼ਾਂ 'ਚ ਗੁਰਦੁਆਰਾ ਸਹਿਬਾਨ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਅਜਿਹੀ ਮੰਦਭਾਗੀ ਘਟਨਾ ਅੱਗੇ ਤੋਂ ਨਾ ਵਾਪਰੇ, ਇਸ ਬਾਰੇ ਉਹ ਸੁਚੇਤ ਰਹਿਣ ਅਤੇ ਗੁਰੂ ਘਰਾਂ ਦੇ ਪ੍ਰਬੰਧ ਸੁਚੱਜੇ ਢੰਗ ਨਾਲ ਚਲਾਉਣ।