ਸਮਰਾਲਾ : ਗੁਟਕਾ ਸਾਹਿਬ ਦੀ ਬੇਅਦਬੀ

06/02/2019 8:14:45 PM

ਸਮਰਾਲਾ, (ਬੰਗੜ, ਗਰਗ)- ਪੰਜਾਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਐਤਵਾਰ ਸਬ-ਡਵੀਜ਼ਨ ਸਮਰਾਲਾ ਦੇ ਪਿੰਡ ਢੀਂਡਸਾ ਵਿਖੇ ਵੀ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ, ਜਿਸ ਨੇ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ। ਜਾਣਕਾਰੀ ਅਨੁਸਾਰ ਅਣਪਛਾਤੇ ਵਿਅਕਤੀਆਂ ਵੱਲੋਂ ਸ਼੍ਰੀ ਗੁਟਕਾ ਸਾਹਿਬ ਦੇ ਅੰਗਾਂ ਨੂੰ ਟੋਟੇ-ਟੋਟੇ ਕਰਕੇ ਸੜਕ ਅਤੇ ਪਸ਼ੂਆਂ ਦੇ ਵਾੜੇ ਵਿੱਚ ਖਿਲਾਰ ਦਿੱਤਾ ਗਿਆ। ਥਾਣਾ ਸਮਰਾਲਾ ਵੱਲੋਂ ਇਸ ਘਟਨਾ ਨੂੰ ਲੈ ਕੇ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਸੁਰਿੰਦਰਪਾਲ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਢੀਂਡਸਾ ਨੇ ਦੱਸਿਆ ਕਿ ਐਤਵਾਰ ਸਵੇਰੇ 7 ਵਜੇ ਉਸਨੇ ਦੇਖਿਆ ਕਿ ਉਸ ਦੇ ਘਰ ਦੇ ਬਾਹਰ ਸੜਕ ਉੱਪਰ ਅਤੇ ਪਸ਼ੂਆਂ ਦੇ ਵਾੜੇ ਵਿੱਚ ਗੁਟਕਾ ਸਾਹਿਬ ਦੇ ਅੰਗਾਂ ਨੂੰ ਟੋਟੇ-ਟੋਟੇ ਕਰਕ ਬਿਖੇਰਿਆ ਪਿਆ ਸੀ। ਉਸ ਵੱਲੋਂ ਤੁਰੰਤ ਇਹ ਮਾਮਲਾ ਪਿੰਡ ਵਾਸੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਅਤੇ ਸਾਰਿਆਂ ਨੇ ਮਿਲ ਕੇ ਥਾਣਾ ਸਮਰਾਲਾ ਨੂੰ ਸੂਚਿਤ ਕੀਤਾ। ਸੂਚਨਾ ਮਿਲਦਿਆਂ ਹੀ ਐੱਸ.ਪੀ. (ਡੀ) ਜਸਵੀਰ ਸਿੰਘ ਦੀ ਅਗਵਾਈ ਵਿੱਚ ਪੁਲਸ ਪਾਰਟੀ ਮੌਕੇ 'ਤੇ ਪੁੱਜ ਗਈ, ਜਿਨ੍ਹਾਂ ਵੱਲੋਂ ਅਣਪਛਾਤਿਆਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ।

KamalJeet Singh

This news is Content Editor KamalJeet Singh