ਹੁਣ ਧੋਖੇ ਨਾਲ ਨਹੀਂ ਵੇਚੀ ਜਾ ਸਕੇਗੀ ਵਿਵਾਦਤ ਜ਼ਮੀਨ, ਇੰਝ ਲੱਗੇਗਾ ਪਤਾ

12/11/2019 6:16:03 PM

ਜਲੰਧਰ— ਹੁਣ ਧੋਖੇ ਨਾਲ ਵਿਵਾਦਤ ਜ਼ਮੀਨ ਨੂੰ ਨਹੀਂ ਵੇਚਿਆ ਦਾ ਸਕੇਗਾ। ਅਕਸਰ ਲੋਕ ਵਿਵਾਦਤ ਜ਼ਮੀਨ ਹੋਣ ਕਰਕੇ ਧੋਖਾਧੜੀ ਦੇ ਸ਼ਿਕਾਰ ਹੋ ਜਾਂਦੇ ਸਨ ਪਰ ਹੁਣ ਜਿਸ ਜ਼ਮੀਨ ਦਾ ਰੈਵੇਨਿਊ ਕੋਰਟ 'ਚ ਕੇਸ ਚੱਲ ਰਿਹਾ ਹੋਵੇ, ਗੁਪਤ ਤਰੀਕੇ ਨਾਲ ਉਸ ਦੀ ਫਰਦ ਕੱਢਵਾ ਕੇ ਅੱਗੇ ਵੇਚਣ ਦੀ ਧੋਖਾਧੜੀ ਨਹੀਂ ਹੋ ਸਕੇਗੀ। ਰੈਵੇਨਿਊ ਕੋਰਟ 'ਚ ਚੱਲ ਰਹੇ ਜ਼ਮੀਨ ਵਿਵਾਦ ਦੇ ਕੇਸਾਂ ਦਾ ਵੇਰਵਾ ਹੁਣ ਉਸ ਦੀ ਫਰਦ 'ਚ ਵੀ ਦਰਜ ਹੋਵੇਗਾ। 

ਇੰਝ ਬਚੇਗਾ ਵਿਅਕਤੀ ਧੋਖਾਧੜੀ ਦੇ ਸ਼ਿਕਾਰ ਤੋਂ 
ਦੱਸਣਯੋਗ ਹੈ ਕਿ ਜ਼ਿਲਾ ਪ੍ਰਸ਼ਾਸਨ ਨੇ ਹਾਲ ਹੀ 'ਚ ਸ਼ੁਰੂ ਕੀਤੇ ਰੈਵੇਨਿਊ ਕੋਰਟ ਮੈਨੇਜਮੈਂਟ ਸਿਸਟਮ (ਆਰ. ਸੀ. ਐੱਮ. ਐੱਸ) ਨੂੰ ਪੰਜਾਬ ਲੈਂਡ ਰਿਕਾਰਡ ਸੋਸਾਇਟੀ ਅਤੇ ਰੈਵੇਨਿਊ ਪੰਜਾਬ ਦੀ ਵੈੱਬਸਾਈਟ ਨਾਲ ਲਿੰਕ ਕਰ ਦਿੱਤਾ ਹੈ। ਹੁਣ ਜਿਵੇਂ ਹੀ ਆਰ. ਸੀ. ਐੱਮ. ਐੱਸ. ਦੀ ਵੈੱਬਸਾਈਟ 'ਤੇ ਕੇਸ ਚੜ੍ਹਾਇਆ ਜਾਵੇਗਾ, ਉਸ ਜ਼ਮੀਨ ਦੇ ਖਸਰਾ ਨੰਬਰ ਜ਼ਰੀਏ ਤੁਰੰਤ ਇਸ ਦੀ ਜਾਣਕਾਰੀ ਪੀ. ਐੱਲ. ਆਰ. ਐੱਸ. ਅਤੇ ਰੈਵੇਨਿਊ ਪੰਜਾਬ ਦੀ ਵੈੱਬਸਾਈਟ 'ਤੇ ਵੀ ਚੜ੍ਹਾਈ ਜਾਵੇਗੀ। ਇਸ ਦੇ ਬਾਅਦ ਜਦੋਂ ਵੀ ਕੋਈ ਵਿਅਕਤੀ ਕੰਪਿਊਟਰਾਈਜ਼ਡ ਫਰਦ ਕੇਂਦਰ ਫਰਦ ਤੋਂ ਕੱਢਵਾਏਗਾ ਤਾਂ ਉਸ 'ਚ ਇਹ ਵੀ ਲਿਖਿਆ ਹੋਵੇਗਾ ਕਿ ਇਸ ਜ਼ਮੀਨ ਦਾ ਕੇਸ ਅਦਾਲਤ 'ਚ ਚੱਲ ਰਿਹਾ ਹੈ। ਇਸ ਤੋਂ ਇਲਾਵਾ ਇਹ ਵੀ ਪਤਾ ਲੱਗ ਜਾਵੇਗਾ ਕਿ ਕੇਸ ਸੁਣਵਾਈ ਅਧੀਨ ਹੈ ਜਾਂ ਫਿਰ ਉਸ ਦਾ ਕੇਸ ਦਾ ਫੈਸਲਾ ਆ ਚੁੱਕਾ ਹੈ। ਰੈਵੇਨਿਊ ਅਧਿਕਾਰੀ ਨੇ ਦੱਸਿਆ ਕਿ ਇਸ ਨਾਲ ਜਨਤਾ ਨੂੰ ਸੁਵਿਧਾ ਹੋਵੇਗੀ ਅਤੇ ਜ਼ਮੀਨ 'ਚ ਹੋਣ ਵਾਲੀ ਧੋਖਾਧੜੀ ਵੀ ਰੁੱਕੇਗੀ। 

ਇਸ ਪ੍ਰਕਿਰਿਆ ਤੋਂ ਬਾਅਦ ਸਰਕਾਰ ਦੀ ਤਿਆਰੀ ਉਨ੍ਹਾਂ ਸਾਰੀਆਂ ਜ਼ਮੀਨਾਂ ਦਾ ਬਿਊਰਾ ਆਨਲਾਈਨ ਕਰਨ ਦੀ ਹੈ, ਜਿਨ੍ਹਾਂ ਦਾ ਵਿਵਾਦ ਕਿਸੇ ਨਾ ਕਿਸੇ ਰੈਵੇਨਿਊ ਕੋਰਟ 'ਚ ਚੱਲ ਰਿਹਾ ਹੈ। ਇਲਾਕੇ ਤੋਂ ਲੈ ਕੇ ਪਿੰਡਾਂ ਤੱਕ ਦਾ ਬਿਊਰਾ ਹੋਵੇਗਾ। ਇਸ ਦਾ ਫਾਇਦਾ ਇਹ ਹੋਵੇਗਾ ਕਿ ਜਦੋਂ ਵੀ ਤੁਸੀਂ ਕੋਈ ਜ਼ਮੀਨ ਖਰੀਦਣ ਲਈ ਸੌਦਾ ਕਰੋਗੇ ਤਾਂ ਇਹ ਪਤਾ ਲੱਗ ਜਾਵੇਗਾ ਕਿ ਉਸ ਇਲਾਕੇ ਜਾਂ ਜ਼ਮੀਨ ਦੀ ਕਿਹੜੀ-ਕਿਹੜੀ ਜਾਇਦਾਦ 'ਤੇ ਕੇਸ ਚੱਲ ਰਿਹਾ ਹੈ। 

ਹੁਣ ਤੱਕ ਇੰਝ ਹੁੰਦਾ ਸੀ ਕੰਮ 
ਦੱਸਣਯੋਗ ਹੈ ਕਿ ਜ਼ਮੀਨ ਖਰੀਦਦੇ ਸਮੇਂ ਭਰੋਸੇਯੋਗ ਦਸਤਾਵੇਜ਼ ਹੀ ਫਰਦ ਮੰਨ ਲਈ ਜਾਂਦੀ ਸੀ। ਜਦੋਂ ਵੀ ਕੋਈ ਜ਼ਮੀਨ ਖਰੀਦਦਾ ਸੀ ਤਾਂ ਨਵੀਂ ਫਰਦ ਕੱਢਣ ਲਈ ਕਿਹਾ ਜਾਂਦਾ ਸੀ। ਹੁਣ ਤੱਕ ਰੈਵੇਨਿਊ ਕੋਰਟ 'ਚ ਚੱਲ ਰਹੇ ਕੇਸ ਬਾਰੇ 'ਚ ਬਿਊਰਾ ਦਰਜ ਕਰਨ ਦਾ ਕੰਮ ਮੈਨੂਅਲ ਸੀ। ਕੋਰਟ 'ਚ ਬਿਊਰਾ ਭੇਜਿਆ ਜਾਂਦਾ ਸੀ ਅਤੇ ਫਿਰ ਫਰਦ 'ਚ ਉਸ ਨੂੰ ਚੜ੍ਹਾਇਆ ਜਾਂਦਾ ਸੀ। ਇਸ 'ਚ ਕਈ ਵਾਰ ਲਾਪਰਵਾਹੀ ਵਰਤੀ ਜਾਂਦੀ ਰਹੀ ਸੀ। ਅਜਿਹੇ 'ਚ ਸ਼ਾਤਿਰ ਧੋਖੇਬਾਜ਼ ਬਿਨਾਂ ਦਰਜ ਕੀਤੇ ਫਰਦ ਕੱਢਵਾ ਲੈਂਦੇ ਸਨ ਅਤੇ ਜ਼ਮੀਨ ਵੇਚ ਦਿੰਦੇ ਸਨ। ਜ਼ਮੀਨ ਵਿੱਕਣ ਤੋਂ ਬਾਅਦ ਖਰੀਦਦਾਰ ਨੂੰ ਪਤਾ ਲੱਗਦਾ ਸੀ ਕਿ ਇਹ ਜ਼ਮੀਨ ਵਿਵਾਦਤ ਹਨ ਅੇਤ ਇਸ ਦਾ ਕੇਸ ਰੈਵੇਨਿਊ ਕੋਰਟ 'ਚ ਚੱਲ ਰਿਹਾ ਹੈ। ਫਿਰ ਵਿਅਕਤੀ ਅਫਸਰਾਂ ਨੂੰ ਸ਼ਿਕਾਇਤਾਂ ਦੇ ਚੱਕਰ 'ਚ ਫਸਿਆ ਰਹਿੰਦਾ ਸੀ। ਅਜਿਹੇ 'ਚ ਜ਼ਮੀਨ ਖਰੀਦਣ ਵਾਲੇ ਧੋਖਾਧੜੀ ਦੇ ਸ਼ਿਕਾਰ ਹੋ ਰਹੇ ਸਨ।

shivani attri

This news is Content Editor shivani attri