ਮੀਟਿੰਗ ਤਾਰਪੀਡੋ ਕਰਨ ਲਈ ਬਾਜਵਾ ਵਿਰੁੱਧ ਅਨੁਸ਼ਾਸਨੀ ਕਾਰਵਾਈ ਹੋਵੇ : ਪਿੰਕੀ

11/18/2017 10:05:49 AM


ਜਲੰਧਰ (ਬਿਊਰੋ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਭਖਵੇਂ ਮੁੱਦਿਆਂ 'ਤੇ ਰੱਖੀ ਗਈ ਸਰਬ ਪਾਰਟੀ ਮੀਟਿੰਗ ਨੂੰ ਕਾਂਗਰਸ ਦੇ ਆਗੂ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਤਾਰਪੀਡੋ ਕਰ ਕੇ ਨਾ ਸਿਰਫ ਪਾਰਟੀ ਨਾਲ ਅਨਿਆਂ ਕੀਤਾ ਸਗੋਂ ਪੰਜਾਬ ਨਾਲ ਵੀ ਧੋਖਾ ਕੀਤਾ ਹੈ। ਜੇ ਪ੍ਰਤਾਪ ਸਿੰਘ ਬਾਜਵਾ ਦੇ ਕੋਈ ਗਿਲੇ-ਸ਼ਿਕਵੇ ਹਨ ਤਾਂ ਉਨ੍ਹਾਂ ਨੂੰ ਪਾਰਟੀ ਫੋਰਮ 'ਚ ਹੀ ਉਠਾਉਣੇ ਚਾਹੀਦੇ ਹਨ, ਨਾ ਕਿ ਮੀਡੀਆ 'ਚ ਬਿਆਨਬਾਜ਼ੀ ਕਰਨੀ ਚਾਹੀਦੀ ਹੈ। ਇਹ ਗੱਲ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਤੇ ਫਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਪਾਰਟੀ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਅੱਜ ਕਾਂਗਰਸ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਲਿਖੇ ਇਕ ਪੱਤਰ 'ਚ ਕਹੀ ਹੈ। ਪਿੰਕੀ ਨੇ ਪਾਰਟੀ ਹਾਈਕਮਾਂਡ ਨੂੰ ਅਪੀਲ ਕੀਤੀ ਹੈ ਕਿ ਬਾਜਵਾ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ। 
ਕਾਂਗਰਸ ਅੰਦਰਲੇ ਸੂਤਰਾਂ ਮੁਤਾਬਕ ਸ਼੍ਰੀ ਪਿੰਕੀ ਨੇ ਕਾਂਗਰਸ ਪ੍ਰਧਾਨ ਨੂੰ ਲਿਖੇ ਪੱਤਰ 'ਚ ਕਿਹਾ ਕਿ ਬਾਜਵਾ ਨੇ ਅਜਿਹੇ ਮੌਕੇ ਗਲਤ ਬਿਆਨਬਾਜ਼ੀ ਕਰ ਕੇ ਕਾਂਗਰਸ ਪਾਰਟੀ ਨੂੰ ਸੱਟ ਮਾਰੀ ਹੈ, ਜਦੋਂ ਕਾਂਗਰਸ ਦੇ ਉਪ-ਪ੍ਰਧਾਨ ਰਾਹੁਲ ਗਾਂਧੀ ਗੁਜਰਾਤ 'ਚ ਫਿਰਕੂ ਤਾਕਤਾਂ ਨੂੰ ਹਰਾਉਣ ਅਤੇ ਦੇਸ਼ ਨੂੰ ਅਜਿਹੀਆਂ ਤਾਕਤਾਂ ਦੇ ਚੁੰਗਲ 'ਚੋਂ ਛੁਡਾਉਣ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ, ਜਿਹੜੀਆਂ ਭਾਰਤ ਦੇ ਟੋਟੇ-ਟੋਟੇ ਕਰਨ 'ਚ ਲੱਗੀਆਂ ਹੋਈਆਂ ਹਨ। 
ਉਨ੍ਹਾਂ ਕਿਹਾ ਕਿ ਬਾਜਵਾ ਕਹਿ ਰਹੇ ਹਨ ਕਿ ਉਨ੍ਹਾਂ ਆਪਣਾ ਅਸਤੀਫਾ ਰਾਹੁਲ ਗਾਂਧੀ ਨੂੰ ਭੇਜ ਦਿੱਤਾ ਹੈ ਪਰ ਉਨ੍ਹਾਂ ਨੂੰ ਅਸਤੀਫਾ ਰਾਹੁਲ ਗਾਂਧੀ ਦੀ ਥਾਂ 'ਤੇ ਰਾਜ ਸਭਾ ਦੇ ਚੇਅਰਮੈਨ  ਨੂੰ ਭੇਜਣਾ ਚਾਹੀਦਾ ਸੀ। ਗੁਰਦਾਸਪੁਰ ਲੋਕ ਸਭਾ ਸੀਟ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਦਾ ਝੰਡਾ ਸਾਰੇ ਦੇਸ਼ 'ਚ ਬੁਲੰਦ ਕੀਤਾ ਪਰ ਬਾਜਵਾ ਨੂੰ ਇਹ ਭਾਉਂਦਾ ਨਹੀਂ ਅਤੇ ਇਸ ਲਈ ਹੀ ਉਹ ਪਾਰਟੀ ਨੂੰ ਕਮਜ਼ੋਰ ਕਰਨ 'ਚ ਲੱਗੇ ਹਨ। ਪਿੰਕੀ ਨੇ ਕਿਹਾ ਕਿ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ, ਜਿਹੜੇ 6 ਵਾਰ ਵਿਧਾਨ ਸਭਾ ਲਈ ਚੁਣੇ ਜਾ ਚੁੱਕੇ ਹਨ, ਇਕ ਸੁਲਝੇ ਹੋਏ ਤੇ ਨਿਰਵਿਵਾਦ ਲੀਡਰ ਹਨ, ਦੀ ਪ੍ਰਧਾਨਗੀ ਹੇਠ ਹੋਈ ਸਰਬ ਪਾਰਟੀ ਮੀਟਿੰਗ 'ਚ ਜੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਐੱਮ. ਪੀ. ਸੁਨੀਲ ਜਾਖੜ ਆ ਸਕਦੇ ਹਨ ਤਾਂ ਸ਼੍ਰੀ ਬਾਜਵਾ ਕਿਉਂ ਨਹੀਂ ਆ ਸਕਦੇ। ਉਨ੍ਹਾਂ ਨੂੰ ਮੀਟਿੰਗ ਵਿਚ ਆ ਕੇ ਆਪਣੇ ਮੁੱਦੇ ਉਠਾਉਣੇ ਚਾਹੀਦੇ ਸਨ ਪਰ ਉਨ੍ਹਾਂ ਅਜਿਹਾ ਪਤਾ ਨਹੀਂ ਕਿਹੜੀਆਂ ਤਾਕਤਾਂ ਦੇ ਇਸ਼ਾਰੇ 'ਤੇ ਕੀਤਾ ਹੈ। 
ਉਨ੍ਹਾਂ ਕਿਹਾ ਕਿ ਪੰਜਾਬ 'ਚ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਦੀਆਂ ਚੋਣਾਂ ਸਿਰ 'ਤੇ ਹਨ ਅਤੇ ਪਾਰਟੀ ਦੇ ਹਿੱਤਾਂ ਖਾਤਿਰ ਬਾਜਵਾ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਅਤੇ ਉਨ੍ਹਾਂ ਦੇ ਇਰਾਦੇ ਹੀ ਕੁਝ ਹੋਰ ਲੱਗਦੇ ਹਨ। ਮੀਟਿੰਗ ਤੋਂ ਪਹਿਲਾਂ ਬਾਜਵਾ ਵੱਲੋਂ ਕੀਤੀ ਗਈ ਬਿਆਨਬਾਜ਼ੀ ਕਰਕੇ ਦੂਜੀਆਂ ਪਾਰਟੀਆਂ ਦੇ ਐੱਮ. ਪੀਜ਼ ਵੀ ਨਹੀਂ ਆਏ ਕਿਉਂਕਿ ਜਦੋਂ ਆਗੂ ਹੀ ਪਾਰਟੀ ਨੂੰ ਕਮਜ਼ੋਰ ਕਰਨ ਵਾਲੀਆਂ ਗੱਲਾਂ ਕਰਨ ਤਾਂ ਦੂਜਿਆਂ ਨੂੰ ਤਾਂ ਮੌਕਾ ਮਿਲ ਹੀ ਜਾਂਦਾ ਹੈ। ਉਨ੍ਹਾਂ ਆਪਣੇ ਪੱਤਰ 'ਚ ਇਹ ਵੀ ਕਿਹਾ ਕਿ ਬਾਜਵਾ ਲੋਕਾਂ ਵੱਲੋਂ ਰੱਦ ਕੀਤਾ ਹੋਇਆ ਲੀਡਰ ਹੈ। ਪਿੰਕੀ ਨੇ ਆਪਣੇ ਪੱਤਰ ਦੀ ਕਾਪੀ ਕਾਂਗਰਸ ਦੇ ਉਪ-ਪ੍ਰਧਾਨ ਰਾਹੁਲ ਗਾਂਧੀ ਨੂੰ ਵੀ ਭੇਜੀ ਹੈ।