ਗੰਧਲੇ ਪਾਣੀ ਤੋਂ ਫਸਲਾਂ ਪ੍ਰਭਾਵਿਤ ਤੇ ਬਦਬੂ ਨੇ ਲੋਕਾਂ ਦਾ ਜਿਊਣਾ ਕੀਤਾ ਮੁਹਾਲ

07/12/2018 4:34:29 PM

ਮਾਛੀਵਾੜਾ ਸਾਹਿਬ (ਟੱਕਰ) : ਹਲਕਾ ਸਾਹਨੇਵਾਲ ਦੇ ਪਿੰਡ ਕੂੰਮਕਲਾਂ ਵਿਖੇ ਸਥਿਤ ਇੱਕ ਡਾਇੰਗ ਮਿੱਲ 'ਚੋਂ ਨਿਕਲਦੇ ਪ੍ਰਦੂਸ਼ਿਤ ਤੇ ਕੈਮੀਕਲ ਵਾਲੇ ਪਾਣੀ ਤੋਂ ਆਸ-ਪਾਸ ਦੇ ਕਿਸਾਨ ਪਰੇਸ਼ਾਨ ਹਨ ਕਿਉਂਕਿ ਇਸ ਗੰਧਲੇ ਪਾਣੀ ਨੇ ਜਿੱਥੇ ਉਨ੍ਹਾਂ ਦੀਆਂ ਫ਼ਸਲਾਂ ਨੂੰ ਪ੍ਰਭਾਵਿਤ ਕੀਤਾ ਹੈ, ਉਥੇ ਉਸ 'ਚੋਂ ਨਿਕਲਦੀ ਬਦਬੂ ਨੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ।
ਅੱਜ ਪਿੰਡ ਪ੍ਰਤਾਪਗੜ੍ਹ ਤੇ ਕੂੰਮਕਲਾਂ ਦੇ ਕਿਸਾਨਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੱਪੜਾ ਰੰਗਣ ਵਾਲੀ ਇਸ ਫੈਕਟਰੀ ਨੇ ਆਪਣੇ ਕੈਮੀਕਲ ਤੇ ਪ੍ਰਦੂਸ਼ਿਤ ਪਾਣੀ ਦੀ ਨਿਕਾਸੀ ਲਈ ਕੁੱਝ ਜ਼ਮੀਨ ਖਾਲਾ ਬਣਾ ਕੇ ਖਾਲੀ ਰੱਖੀ ਹੋਈ ਹੈ, ਜਿਸ ਵਿਚ ਡਾਇੰਗ ਦਾ ਪਾਣੀ ਟ੍ਰੀਟਮੈਂਟ ਪਲਾਂਟ ਰਾਹੀਂ ਸਾਫ਼ ਕਰਕੇ ਸੁੱਟਣ ਦੀ ਬਜਾਏ ਕੈਮੀਕਲ ਤੇ ਪ੍ਰਦੂਸ਼ਣ ਵਾਲਾ ਪਾਣੀ ਹੀ ਛੱਡਿਆ ਜਾ ਰਿਹਾ ਹੈ। ਕਿਸਾਨਾਂ ਨੇ ਦੋਸ਼ ਲਾਇਆ ਕਿ ਮਿੱਲ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ ਕਈ ਵਾਰ ਉਨ੍ਹਾਂ ਦੀ ਜ਼ਮੀਨ ਦਾ ਪਾਣੀ ਉਨ੍ਹਾਂ ਦੇ ਖੇਤਾਂ ਵਿਚ ਛੱਡ ਦਿੱਤਾ ਜਾਂਦਾ ਹੈ, ਜਿਸ ਕਾਰਨ ਪਹਿਲਾਂ ਉਨ੍ਹਾਂ ਦੀ ਕਣਕ ਦੀ ਫਸਲ ਪ੍ਰਭਾਵਿਤ ਹੋਈ ਹੈ ਅਤੇ ਹੁਣ ਝੋਨੇ ਦੀ ਤਾਜ਼ੀ ਬੀਜੀ ਫਸਲ ਵੀ ਕੈਮੀਕਲ ਵਾਲੇ ਕਾਲੇ ਪਾਣੀ ਨਾਲ ਬਰਬਾਦ ਹੋ ਰਹੀ ਹੈ। 
ਕਿਸਾਨਾਂ ਨੇ ਦੱਸਿਆ ਕਿ ਇਸ ਮਿੱਲ ਵਲੋਂ ਛੱਡੇ ਜਾਂਦੇ ਪਾਣੀ 'ਚੋਂ ਇੰਨੀ ਬਦਬੂ ਆਉਂਦੀ ਹੈ ਕਿ ਕਈ ਵਾਰ ਨਾਲ ਲੱਗਦੇ ਪਿੰਡ ਪ੍ਰਤਾਪਗੜ੍ਹ 'ਚ ਫੈਲ ਜਾਂਦੀ ਹੈ ਅਤੇ ਲੋਕਾਂ ਦਾ ਜਿਊਣਾ ਮੁਹਾਲ ਹੋ ਜਾਂਦਾ ਹੈ। ਉਨ੍ਹਾਂ ਵਲੋਂ ਬਹੁਤ ਵਾਰ ਮਿੱਲ ਦੇ ਪ੍ਰਬੰਧਕਾਂ ਨੂੰ ਬੇਨਤੀ ਵੀ ਕੀਤੀ ਕਿ ਡਾਇੰਗ ਵਾਲਾ ਉਨ੍ਹਾਂ ਦਾ ਗੰਧਲਾ ਤੇ ਕੈਮੀਕਲ ਵਾਲਾ ਪਾਣੀ ਫਸਲਾਂ ਤਬਾਹ ਕਰ ਰਿਹਾ ਹੈ ਪਰ ਮਿੱਲ ਦੇ ਪ੍ਰਬੰਧਕ ਕੋਈ ਪਰਵਾਹ ਨਹੀਂ ਕਰਦੇ। ਕਿਸਾਨਾਂ ਨੇ ਕਿਹਾ ਕਿ ਪ੍ਰਦੂਸ਼ਣ ਬੋਰਡ ਕੇਵਲ ਖਾਨਾਪੂਰਤੀ ਲਈ ਮਿੱਲ 'ਚ ਲੱਗੇ ਟ੍ਰੀਟਮੈਂਟ ਪਲਾਂਟ ਦੀ ਜਾਂਚ ਕਰਕੇ ਮੁੜ ਜਾਂਦਾ ਹੈ, ਜਦੋਂ ਕਿ ਕਈ ਵਾਰ ਬਿਨ੍ਹਾਂ ਟ੍ਰੀਟ ਕੀਤਿਆਂ ਮਿੱਲ ਵਲੋਂ ਪ੍ਰਦੂਸ਼ਿਤ ਤੇ ਗੰਧਲਾ ਪਾਣੀ ਛੱਡ ਦਿੱਤਾ ਜਾਂਦਾ ਹੈ, ਜੋ ਕਿ ਮਨੁੱਖੀ ਜ਼ਿੰਦਗੀ ਲਈ ਬੇਹੱਦ ਘਾਤਕ ਹੈ। 
ਕਿਸਾਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਡਾਇੰਗ ਮਿੱਲ ਦਾ ਕੈਮੀਕਲ ਵਾਲਾ ਪਾਣੀ ਜ਼ਮੀਨ ਹੇਠ ਜਾ ਰਿਹਾ ਹੈ, ਜਿਸ ਨਾਲ ਆਸ-ਪਾਸ ਦੇ ਪਿੰਡਾਂ 'ਚ ਉਨ੍ਹਾਂ ਦੇ ਘਰਾਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਵੀ ਖ਼ਰਾਬ ਹੋ ਜਾਵੇਗਾ ਅਤੇ ਇਲਾਕੇ ਦੇ ਲੋਕ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਜਾਣਗੇ, ਇਸ ਲਈ ਸਰਕਾਰ ਤੇ ਪ੍ਰਦੂਸ਼ਣ ਬੋਰਡ ਵਿਭਾਗ ਨੇ ਮਿੱਲ ਪ੍ਰਬੰਧਕਾਂ ਖਿਲਾਫ਼ ਕੋਈ ਸਖ਼ਤ ਕਾਰਵਾਈ ਨਾ ਕੀਤੀ ਤਾਂ ਕਿਸਾਨਾਂ ਨੂੰ ਸੜ੍ਹਕਾਂ 'ਤੇ ਉਤਰ ਕੇ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪਵੇਗਾ।