ਸੇਵਾ ਕੇਂਦਰਾਂ ''ਤੇ ਗੰਦਗੀ ਦਾ ਰਾਜ

07/24/2017 5:04:03 AM

ਅੰਮ੍ਰਿਤਸਰ,   (ਵੜੈਚ)-  ਗੁਰੂ ਨਗਰੀ 'ਚ ਕੂੜੇ ਦੀਆਂ ਮੁਸ਼ਕਿਲਾਂ ਲੋਕਾਂ ਲਈ ਘੱਟ ਨਹੀਂ ਹੋ ਰਹੀਆਂ ਹਨ। ਗੇਟਾਂ ਦੇ ਬਾਹਰਵਾਰ ਸਾਲਿਡ ਵੇਸਟ ਪ੍ਰਾਜੈਕਟ ਤਹਿਤ ਕੰਪਨੀ ਵੱਲੋਂ ਤਾਇਨਾਤ ਆਟੋ ਚਾਲਕਾਂ ਵੱਲੋਂ ਘਰਾਂ 'ਚੋਂ ਕੂੜਾ ਉਠਾਇਆ ਜਾ ਰਿਹਾ ਹੈ ਪਰ ਸ਼ਹਿਰ ਦੇ ਅਨੇਕਾਂ ਇਲਾਕਿਆਂ 'ਚ ਆਟੋ ਚਾਲਕ ਨਾ ਪਹੁੰਚਣ ਕਰ ਕੇ ਲੋਕ ਕੂੜੇ ਨੂੰ ਟਿਕਾਣੇ ਲਾਉਣ ਦੀਆਂ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ।
ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿਚ ਵੀ ਕੂੜੇ ਦੀਆਂ ਮੁਸ਼ਕਿਲਾਂ ਬਰਕਰਾਰ ਹਨ। ਦੁਕਾਨਦਾਰਾਂ ਜਾਂ ਮੁਹੱਲੇ ਵਾਲਿਆਂ ਦੀਆਂ ਕੂੜੇ ਨੂੰ ਲੈ ਕੇ ਅਕਸਰ ਝੜਪਾਂ ਹੁੰਦੀਆਂ ਹਨ। ਸਰਕਾਰੀ ਇਮਾਰਤਾਂ, ਪਾਰਕਾਂ, ਗਲੀਆਂ, ਸੜਕਾਂ ਦੇ ਕਿਨਾਰਿਆਂ 'ਤੇ ਲਗੇ ਕੂੜੇ ਦੇ ਢੇਰਾਂ ਦੀ ਬਦਬੂ ਨਾਲ ਲੋਕਾਂ ਦਾ ਲੰਘਣਾ ਮੁਸ਼ਕਿਲ ਹੋ ਰਿਹਾ ਹੈ। ਜਨਤਾ ਦੀਆਂ ਸਹੂਲਤਾਂ ਲਈ ਬਣਾਏ ਸੇਵਾ ਕੇਂਦਰਾਂ ਅੰਦਰ ਜਾਣ ਤੋਂ ਪਹਿਲਾਂ ਜਨਤਾ ਨੂੰ ਕੂੜੇ 'ਚੋਂ ਲੰਘਣਾ ਪੈਂਦਾ ਹੈ।
ਸ਼ਹਿਰਵਾਸੀ ਸੁਰਜੀਤ ਕੁਮਾਰ, ਦਲੀਪ ਕੁਮਾਰ, ਗੁਰਮੀਤ ਸਿੰਘ ਸੰਧੂ, ਅਨੁਜ ਕੁਮਾਰ, ਗੁਰਦਿਆਲ ਤੇ ਹਰੀਸ਼ ਨੇ ਕਿਹਾ ਕਿ ਸਰਕਾਰੀ ਦਫਤਰਾਂ ਦੇ ਕਈ-ਕਈ ਚੱਕਰਾਂ ਤੋਂ ਬਚਾਉਣ ਦੇ ਉਦੇਸ਼ ਨਾਲ ਇਲਾਕਿਆਂ ਵਿਚ ਸਰਕਾਰੀ ਕੰਮਾਂ ਨੂੰ ਨੇਪਰੇ ਚਾੜ੍ਹਨ ਵਾਸਤੇ ਸੇਵਾ ਕੇਂਦਰ ਬਣਾਏ ਗਏ ਹਨ। ਖੂਹ ਬੰਬੇ ਵਾਲਾ, ਗੇਟ ਹਕੀਮਾਂ, ਸਕੱਤਰੀ ਬਾਗ ਅੱਗੇ ਕੂੜਾ ਸੁੱਟਣ ਦੇ ਟਿਕਾਣੇ ਬਣਾਏ ਹੋਏ ਹਨ ਜਿਨ੍ਹਾਂ ਲਈ ਅਸਲ ਕਸੂਰਵਾਰ ਨਿਗਮ ਅਧਿਕਾਰੀ ਤੇ ਕਰਮਚਾਰੀ ਨਜ਼ਰ ਆ ਰਹੇ ਹਨ। ਗੇਟ ਹਕੀਮਾਂ ਸਥਿਤ ਸੇਵਾ ਕੇਂਦਰ ਅੱਗੇ ਕੂੜੇ ਦਾ ਵੱਡਾ ਡਰੰਮ ਰੱਖਿਆ ਜਾਂਦਾ ਹੈ। ਬੰਬੇ ਵਾਲਾ ਖੂਹ ਸਥਿਤ ਸੇਵਾ ਕੇਂਦਰ ਦੇ ਨੇੜੇ ਨਿਗਮ ਦਾ ਜ਼ੋਨ ਦਫਤਰ ਹੋਣ ਦੇ ਬਾਵਜੂਦ ਕੂੜੇ ਦੇ ਢੇਰ ਲਾਏ ਜਾ ਰਹੇ ਹਨ। ਇਲਾਕਾ ਨਿਵਾਸੀਆਂ ਦੇ ਅਨੇਕਾਂ ਇਤਰਾਜ਼ ਕਰਨ ਤੋਂ ਬਾਅਦ ਵੀ ਕਿਸੇ ਅਧਿਕਾਰੀ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕੀ।
ਸਰਕਾਰ ਵੱਲੋਂ ਸੇਵਾ ਕੇਂਦਰ ਬਣਾਏ ਗਏ ਹਨ ਪਰ ਇਹ ਸੇਵਾ ਘੱਟ ਤੇ ਗੰਦਗੀ ਕੇਂਦਰ ਵੱਧ ਨਜ਼ਰ ਆ ਰਹੇ ਹਨ। ਕੋਈ ਵੀ ਕੰਮ ਕਰਵਾਉਣ ਤੋਂ ਪਹਿਲਾਂ ਗੰਦਗੀ 'ਚੋਂ ਗੁਜ਼ਰ ਕੇ ਕੇਂਦਰਾਂ ਦੇ ਅੰਦਰ ਜਾਣਾ ਪੈਂਦਾ ਹੈ। ਸ਼ਹਿਰਵਾਸੀਆਂ ਨੇ ਨਿਗਮ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਸੇਵਾ ਕੇਂਦਰਾਂ 'ਤੇ ਆਉਣ-ਜਾਣ ਵਾਲਿਆਂ ਦੀਆਂ ਮੁਸ਼ਕਿਲਾਂ ਦੂਰ ਕਰਦਿਆਂ ਇਨ੍ਹਾਂ ਨੂੰ ਗੰਦਗੀ ਰਹਿਤ ਕੀਤਾ ਜਾਵੇ।