ਆਧਾਰ ਮਸ਼ੀਨਾਂ ਖਰਾਬ ਹੋਣ ਕਾਰਨ ਸੰਗਰੂਰ ਵਾਸੀ ਹੋਏ ਪਰੇਸ਼ਾਨ

04/04/2019 10:32:18 AM

ਦਿੜ੍ਹਬਾ (ਵੈੱਬ ਡੈਸਕ) : ਦਿੜ੍ਹਬਾ ਸ਼ਹਿਰ ਵਿਚ ਆਧਾਰ ਅਪਡੇਟ ਕਰਨ ਵਾਲੀਆਂ 3 ਮਸ਼ੀਨਾਂ ਖਰਾਬ ਹੋਣ ਕਾਰਨ ਕਰੀਬ 30 ਪਿੰਡਾਂ ਦੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀ ਨਵੇਂ ਕਾਰਡ ਜਾਰੀ ਕਰਨ ਅਤੇ ਪੁਰਾਣੇ ਦੇ ਅਪਡੇਸ਼ਨ ਲਈ ਬਾਰ-ਬਾਰ ਚੱਕਰ ਲਗਾ ਰਹੇ ਹਨ। ਪਿੰਡ ਵਾਸੀ ਰਾਮ ਸਿੰਘ ਨੇ ਦੱਸਿਆ ਕਿ ਬੈਂਕ ਅਧਿਕਾਰੀਆਂ ਨੇ ਮੈਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਮੈਂ ਉਨ੍ਹਾਂ ਨੂੰ ਆਪਣਾ ਆਧਾਰ ਕਾਰਡ ਨਾ ਦਿੱਤਾ ਤਾਂ ਉਹ ਮੇਰੀ ਪੈਨਸ਼ਨ ਰੋਕ ਦੇਣਗੇ। ਰਾਮ ਸਿੰਘ ਦਾ ਕਹਿਣਾ ਹੈ ਕਿ ਉਸ ਕੋਲ ਆਮਦਨ ਦਾ ਕੋਈ ਦੂਜਾ ਸਾਧਨ ਨਹੀਂ ਹੈ। ਮੈਂ ਆਪਣਾ ਕਾਰਡ ਜਾਰੀ ਕਰਾਉਣ ਲਈ ਪਿਛਲੇ 3 ਮਹੀਨਿਆਂ ਤੋਂ ਬੈਂਕ, ਡਾਕਘਰ ਅਤੇ ਸੇਵਾ ਕੇਂਦਰ ਦੇ ਚੱਕਰ ਲਗਾ ਰਿਹਾ ਹਾਂ।

ਦੱਸਿਆ ਜਾ ਰਿਹਾ ਹੈ ਕਿ ਭਾਰਤੀ ਵਿਲੱਖਣ ਪਛਾਣ ਅਥਾਰਿਟੀ (ਯੂ.ਆਈ.ਡੀ.ਏ.ਆਈ) ਦੇ ਅਧਿਕਾਰੀਆਂ ਨੇ ਦਿੜ੍ਹਬਾ ਸ਼ਹਿਰ ਵਿਚ ਸੇਵਾ ਕੇਂਦਰ, ਡਾਕਖਾਨਾ ਅਤੇ ਭਾਰਤੀ ਸਟੇਟ ਬੈਂਕ ਵਿਚ 3 ਮਸ਼ੀਨਾਂ ਸਥਾਪਤ ਕੀਤੀਆਂ ਸਨ। ਕੁੱਝ ਤਕਨੀਕੀ ਸਮੱਸਿਆਵਾਂ ਕਾਰਨ ਇਹ ਤਿੰਨੋਂ ਮਸ਼ੀਨਾਂ ਪਿਛਲੇ 3 ਮਹੀਨਿਆਂ ਤੋਂ ਬੰਦ ਪਈਆਂ ਹੋਈਆਂ ਹਨ। ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਸਮੱਸਿਆ ਨੂੰ ਹੱਲ ਕਰਨ ਲਈ ਯੂ.ਆਈ.ਡੀ.ਏ.ਆਈ ਅਥਾਰਿਟੀ ਨੂੰ ਲਿਖਤੀ ਵਿਚ ਸ਼ਿਕਾਇਤ ਦਿੱਤੀ ਹੋਈ ਹੈ।

ਉਥੇ ਹੀ ਇਕ ਹੋਰ ਪਿੰਡ ਵਾਸੀ ਕੁਲਤਾਰ ਸਿੰਘ ਨੇ ਦੱਸਿਆ ਕਿ ਮੈਂ ਆਧਾਰ ਕਾਰਡ ਵਿਚ ਆਪਣਾ ਪਤਾ ਅਪਡੇਟ ਕਰਨ ਲਈ ਪਿਛਲੇ 10 ਦਿਨਾਂ ਵਿਚ ਇੱਥੇ 4 ਚੱਕਰ ਲਗਾ ਚੁੱਕਾ ਹਾਂ ਪਰ ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਸ਼ੀਨ ਕੰਮ ਨਹੀਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਧਿਕਾਰੀ ਇਸ ਨੂੰ ਚਲਾਉਣ ਵਿਚ ਅਸਮਰਥ ਹਨ ਤਾਂ ਇਸ ਨੂੰ ਇੱਥੇ ਕਿਉਂ ਰੱਖਿਆ ਹੋਇਆ ਹੈ। ਪੋਸਟ ਆਫਿਸ ਦੇ ਇਕ ਕਰਮਚਾਰੀ ਕ੍ਰਿਸ਼ਨਾ ਨੇ ਦੱਸਿਆ ਕਿ ਮਸ਼ੀਨ ਵਿਚ ਕੁੱਝ ਤਕਨੀਕੀ ਖਰਾਬੀ ਹੈ ਅਤੇ ਅਸੀਂ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ। ਅਸੀਂ ਜਲਦ ਤੋਂ ਜਲਦ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।

cherry

This news is Content Editor cherry