ਭੀਮ ਟਾਂਕ ਦੀ ਮਾਤਾ ਤੇ ਗੁਰਜੰਟ ਦੇ ਪਰਿਵਾਰ ਨੂੰ ਡੀ. ਜੀ. ਪੀ. ਦਾ ਭਰੋਸਾ

12/28/2019 3:44:55 PM

ਅਬੋਹਰ (ਸੁਨੀਲ) : ਪੰਜਾਬ ਪੁਲਸ ਦੇ ਮੁਖੀ ਦਿਨਕਰ ਗੁਪਤਾ ਨੇ ਭੀਮ ਟਾਂਕ ਦੀ ਮਾਤਾ ਕੌਸ਼ੱਲਿਆ ਦੇਵੀ ਅਤੇ ਇਸ ਕਾਂਡ 'ਚ ਗੰਭੀਰ ਰੂਪ 'ਚ ਫੱਟੜ ਗੁਰਜੰਟ ਸਿੰਘ ਨੂੰ ਭਰੋਸਾ ਦਿੱਤਾ ਹੈ ਕਿ ਅਕਾਲੀ ਨੇਤਾਵਾਂ ਵੱਲੋਂ ਇਸ ਮਾਮਲੇ 'ਚ ਕਥਿਤ ਰੂਪ ਨਾਲ ਗੈਂਗਸਟਰਾਂ ਅਤੇ ਉਮਰ ਕੈਦ ਭੋਗਣ ਵਾਲਿਆਂ ਨੂੰ ਦਿੱਤੇ ਗਏ ਸਮਰਥਨ ਦੇ ਹਵਾਲੇ ਨਾਲ ਇਨ੍ਹਾਂ ਸਬੰਧਾਂ ਦੀ ਜਾਂਚ ਕਰਵਾਈ ਜਾਵੇਗੀ। ਇਹ ਭਰੋਸਾ ਪੁਲਸ ਹੈੱਡਕੁਆਰਟਰ 'ਚ ਸ਼੍ਰੀ ਗੁਪਤਾ ਨੂੰ ਮਿਲਣ ਪਹੁੰਚੇ ਉਕਤ ਵਫਦ ਨੂੰ ਦਿੱਤਾ ਗਿਆ, ਜਿਸ 'ਚ ਕੌਸ਼ੱਲਿਆ ਦੇਵੀ, ਗੁਰਜੰਟ ਸਿੰੰਘ ਜੰਟਾ ਅਤੇ ਉਸ ਦਾ ਭਰਾ ਰਣਜੀਤ ਸਿੰਘ ਰਾਣਾ ਸ਼ਾਮਲ ਸਨ। ਨਾਲ ਹੀ ਗੁਪਤਾ ਨੇ ਫਾਜ਼ਿਲਕਾ ਦੇ ਪੁਲਸ ਕਪਤਾਨ ਭੁਪਿੰਦਰ ਸਿੰਘ ਸਿੱਧੂ ਨੂੰ ਨਿਰਦੇਸ਼ ਦਿੱਤਾ ਕਿ ਆਪਣੇ ਪੱਧਰ 'ਤੇ ਇਨ੍ਹਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਜਾਂਚ ਪ੍ਰਕਿਰਿਆ ਜਲਦ ਪ੍ਰਭਾਵ ਤੋਂ ਸ਼ੁਰੂ ਕਰਨ।

ਵਫਦ ਨੇ ਪੁਲਸ ਮੁਖੀ ਨੂੰ ਦੱਸਿਆ ਕਿ 12 ਦਸੰਬਰ 2015 ਨੂੰ ਸ਼ਰਾਬ ਵਪਾਰੀ ਅਤੇ ਉਸ ਸਮੇਂ ਦੇ ਅਕਾਲੀ ਦਲ ਹਲਕਾ ਇੰਚਾਰਜ ਸ਼ਿਵ ਲਾਲ ਡੋਡਾ ਦੇ ਰਾਮਸਰਾ ਪਿੰਡ ਸਥਿਤ ਫਾਰਮ ਹਾਊਸ 'ਚ ਦਲਿਤ ਨੌਜਵਾਨ ਭੀਮ ਟਾਂਕ ਨੂੰ ਫੋਨ 'ਤੇ ਸੁਨੇਹਾ ਦੇ ਕੇ ਬੁਲਾਉਣ ਤੋਂ ਬਾਅਦ ਉਸ 'ਤੇ ਅਤੇ ਉਸ ਦੇ ਨਾਲ ਗਏ ਗੁਰਜੰਟ ਸਿੰਘ ਜੰਟਾ 'ਤੇ ਡੋਡਾ ਪਰਿਵਾਰ ਦੀਆਂ ਫਰਮਾਂ ਨਾਲ ਸਬੰਧਤ ਲਗਭਗ 2 ਦਰਜਨ ਵਿਅਕਤੀਆਂ ਨੇ ਹਮਲਾ ਕੀਤਾ। ਨਤੀਜੇ ਵਜੋਂ ਭੀਮ ਨੇ ਦਮ ਤੋੜ ਦਿੱਤਾ ਜਦਕਿ ਗੁਰਜੰਟ ਗੰਭੀਰ ਰੂਪ ਨਾਲ ਫੱਟੜ ਹੋ ਗਿਆ ਅਤੇ ਤਿੰਨ ਮਹੀਨਿਆਂ ਤੱਕ ਅੰਮ੍ਰਿਤਸਰ ਦੇ ਇਕ ਹਸਪਤਾਲ 'ਚ ਇਲਾਜ ਤੋਂ ਬਾਅਦ ਉਹ ਘਰ ਵਾਪਸ ਆ ਗਿਆ।

ਅਕਾਲੀ ਨੇਤਾਵਾਂ ਵੱਲੋਂ ਕੀਤਾ ਸਵਾਗਤ
ਵਫਦ ਨੇ ਕਿਹਾ ਕਿ ਮੰਗਲਵਾਰ ਨੂੰ ਡੋਡਾ ਦੇ ਇਕ ਕਥਿਤ ਬੈਂਕ ਫਰਾਡ ਦੇ ਮਾਮਲੇ 'ਚ ਅਬੋਹਰ ਅਦਾਲਤ 'ਚ ਆਉਣ 'ਤੇ ਸਥਾਨਕ ਅਕਾਲੀ ਨੇਤਾਵਾਂ ਵੱਲੋਂ ਉਸ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਅਤੇ ਕਿਸੇ ਵਿਸ਼ੇ 'ਤੇ ਗੁਪਤ ਗੱਲਬਾਤ ਵੀ ਕੀਤੀ ਗਈ। ਸੁਤੰਤਰਤਾ ਸੈਨਾਨੀ ਅਤੇ 3 ਵਾਰ ਕੌਂਸਲਰ ਰਹਿ ਚੁੱਕੇ ਕਸ਼ਮੀਰੀ ਲਾਲ ਟਾਂਕ ਦੀ ਨੂੰਹ ਕੌਸ਼ੱਲਿਆ ਦੇਵੀ ਅਤੇ ਜੰਟਾ ਨੇ ਡੋਡਾ ਦੀ ਪੇਸ਼ੀ ਦੌਰਾਨ ਬਣਾਈ ਵੀਡੀਓ ਪੇਸ਼ ਕਰਦਿਆਂ ਕਿਹਾ ਕਿ ਬਾਦਲ ਪਰਿਵਾਰ ਅਤੇ ਮਜੀਠੀਆ ਨੇ ਕਈ ਵਾਰ ਕਿਹਾ ਕਿ ਉਨ੍ਹਾਂ ਦਾ ਡੋਡਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਪਰ ਮੰਗਲਵਾਰ ਨੂੰ ਜਦੋਂ ਡੋਡਾ ਨੂੰ ਬੈਂਕ ਫਰਾਡ ਦੇ ਮਾਮਲੇ 'ਚ ਗੁਰਦਾਸਪੁਰ ਜੇਲ ਤੋਂ ਅਬੋਹਰ ਲਿਆਂਦਾ ਗਿਆ ਤਾਂ ਦੋ ਦਿਨ ਪਹਿਲਾਂ ਸ੍ਰੀ ਮੁਕਤਸਰ ਸਾਹਿਬ 'ਚ ਮਾਘੀ ਮੇਲੇ ਦੀ ਤਿਆਰੀ ਲਈ ਹੋਈ ਮੀÎਟਿੰਗ 'ਚ ਸੁਖਬੀਰ ਬਾਦਲ ਨਾਲ ਮੁਲਾਕਾਤ ਕਰਨ ਵਾਲੇ ਅਕਾਲੀ ਦਲ ਦੇ ਦਿਹਾਤੀ ਸਰਕਲ ਪ੍ਰਧਾਨ ਗੁਰਵਿੰਦਰ ਸਿੰਘ ਉਰਫ ਲਾਊ ਜਾਖੜ ਅਤੇ ਸ਼ਹਿਰੀ ਸਰਕਲ ਪ੍ਰਧਾਨ ਸੁਰੇਸ਼ ਸਤੀਜਾ ਸਮੇਤ ਕਈ ਅਕਾਲੀ ਨੇਤਾ ਡੋਡਾ ਦੇ ਸਵਾਗਤ ਲਈ ਅਬੋਹਰ ਕੋਰਟ 'ਚ ਪਹੁੰਚੇ।

ਗੁਰਜੰਟ ਨੇ ਕਿਹਾ ਕਿ 19 ਦਸੰਬਰ 2018 ਨੂੰ 6466102113 ਤੋਂ ਵਟਸਐਪ ਕਾਲ ਕਰਨ ਵਾਲੇ ਵਿਅਕਤੀ ਨੇ ਆਪਣਾ ਨਾਂ ਜੈਪਾਲ ਭੁੱਲਰ ਦੱਸਦੇ ਹੋਏ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਟਾਂਕ ਹੱਤਿਆਕਾਂਡ 'ਚ ਅਦਾਲਤੀ ਸੁਣਵਾਈ ਦੌਰਾਨ ਡੋਡਾ ਦੇ ਪੱਖ 'ਚ ਬਿਆਨ ਨਾ ਦਿੱਤਾ ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ। ਇਸ ਦੀ ਰਿਪੋਰਟ ਸਥਾਨਕ ਪੁਲਸ ਸਟੇਸ਼ਨ 'ਚ 8 ਜਨਵਰੀ 2019 ਨੂੰ ਦਰਜ ਕਰਵਾਈ ਗਈ ਸੀ ਪਰ ਭੁੱਲਰ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਅਤੇ ਸਥਾਨਕ ਨੇਤਾਵਾਂ ਦੇ ਉਸ ਨਾਲ ਸਬੰਧਾਂ ਦੀ ਛਾਣਬੀਣ ਵੀ ਨਹੀਂ ਕੀਤੀ ਗਈ। ਵਟਸਐਪ ਕਾਲ ਤੋਂ ਸਪੱਸ਼ਟ ਸੰਕੇਤ ਮਿਲਦਾ ਹੈ ਕਿ ਅਤੀਤ 'ਚ ਅਕਾਲੀ ਦਲ ਦੇ ਹਲਕਾ ਇੰਚਾਰਜ ਰਹੇ ਸ਼ਿਵ ਲਾਲ ਡੋਡਾ ਦੇ ਗੈਂਗਸਟਰਾਂ ਨਾਲ ਸਬੰਧ ਹਨ ਅਤੇ ਡੋਡਾ ਨੂੰ ਅਕਾਲੀ ਦਲ ਨੇਤਾਵਾਂ ਦਾ ਨੈਤਿਕ ਸਮਰਥਨ ਹੁਣ ਵੀ ਪ੍ਰਾਪਤ ਹੈ।
 

Anuradha

This news is Content Editor Anuradha