ਕਿਵੇਂ ਡਿੱਗੀ ਨਗਰ ਪ੍ਰੀਸ਼ਦ ਦੀਨਾਨਗਰ ਦੀ ਤਾਰਾਗਡ਼੍ਹ ਰੋਡ ਚੁੰਗੀ ਦੀ ਇਮਾਰਤ

08/21/2018 12:37:00 AM

 ਦੀਨਾਨਗਰ,   (ਕਪੂਰ)-  ਤਾਰਾਗਡ਼੍ਹ ਰੋਡ ਵਿਖੇ ਭੂਤਨਾਥ ਮੰਦਰ  ਨੇਡ਼ੇ ਨਗਰ ਪ੍ਰੀਸ਼ਦ ਦੀ ਖਾਲੀ ਪਈ ਚੁੰਗੀ ਨੂੰ ਕਿਸੇ ਵਿਅਕਤੀ ਵੱਲੋਂ ਡੇਗਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ  ਅਨੁਸਾਰ ਸ਼ਹਿਰ ਵਿਚ ਅੱਠ ਚੁੰਗੀਆਂ ਸਨ ਜਿਨ੍ਹਾਂ ਰਾਹੀਂ ਚੁੰਗੀ ਟੈਕਸ ਦੀ ਵਸੂਲੀ ਕੀਤੀ ਜਾਂਦੀ ਸੀ  ਪਰ ਪੰਜਾਬ ਸਰਕਾਰ ਵੱਲੋਂ ਚੁੰਗੀ ਟੈਕਸ ਖਤਮ ਕਰ ਦੇਣ ਤੋਂ ਬਾਅਦ ਸਾਰੀਆਂ ਚੁੰਗੀਆਂ ਦੀਅਾਂ ਇਮਾਰਤਾਂ ਖਾਲੀ ਪਈਆਂ ਹੋਈਆਂ ਸਨ। ਤਾਰਾਗਡ਼੍ਹ ਰੋਡ ’ਤੇ ਚੁੰਗੀ ਦੇ ਕਮਰੇ ਨੂੰ ਵੀ ਕਿਸੇ ਵਿਅਕਤੀ ਵੱਲੋਂ ਡੇਗ ਦਿੱਤਾ ਗਿਆ। ਨਗਰ ਪ੍ਰੀਸ਼ਦ ਦੀ ਇਸ ਖਾਲੀ ਪਈ ਚੁੰਗੀ ਦੀ ਇਮਾਰਤ ਨੂੰ ਕਿਸੇ ਨੇ  ਕਿਉਂ ਡੇਗਿਆ ਹੈ, ਇਸ ਨੂੰ ਲੈ ਕੇ ਸ਼ਹਿਰ ਵਿਚ ਕਈ ਤਰ੍ਹਾਂ ਦੇ ਕਿਆਸ ਲਾਏ ਜਾ ਰਹੇ ਹਨ  ਕਿ ਇਸ ਚੁੰਗੀ ਨੂੰ ਕਬਜ਼ਾ ਕਰਨ ਦੀ ਨੀਅਤ ਨਾਲ  ਡੇਗਿਆ ਗਿਆ ਹੈ। 
ਕੀ ਕਹਿਣਾ ਹੈ ਸਾਬਕਾ ਕੌਂਸਲਰ  ਦਾ
ਉਕਤ ਚੁੰਗੀ  ਦੀ ਕੌਂਸਲਰ ਰਜਨੀ ਦੇ ਪਤੀ ਅਤੇ ਸਾਬਕਾ ਕੌਂਸਲਰ ਅਸ਼ਵਨੀ ਕੁਮਾਰ ਨੇ ਦੋਸ਼ ਲਾਇਆ ਹੈ ਕਿ ਪਰਸੋਂ ਤੱਕ ਤਾਰਾਗਡ਼੍ਹ ਰੋਡ ’ਤੇ ਇਹ ਚੁੰਗੀ ਬਿਲਕੁਲ ਠੀਕ ਸੀ ਪਰ ਬਾਅਦ ਵਿਚ ਕਿਸੇ ਨੇ ਇਸ ਚੁੰਗੀ ਵਾਲੀ ਥਾਂ ’ਤੇ ਨਾਜਾਇਜ਼ ਕਬਜ਼ਾ ਕਰਨ ਦੀ ਨੀਅਤ ਨਾਲ ਇਸ ਨੂੰ ਡੇਗਿਆ ਹੈ। ਸਵੇਰੇ ਚੁੰਗੀ ਦੀ ਇਮਾਰਤ ਮਲਬੇ ਦਾ ਢੇਰ ਬਣੀ ਹੋਈ ਸੀ। ਉਨ੍ਹਾਂ ਦੱਸਿਆ ਕਿ ਇਸ ਦਾ ਪਤਾ ਲੱਗਦੇ ਹੀ ਉਨ੍ਹਾਂ ਨੇ ਕਾਰਜਸਾਧਕ ਅਫਸਰ ਅਤੇ ਪ੍ਰਧਾਨ ਨਗਰ ਕੌਂਸਲ ਦੀਨਾਨਗਰ ਨੂੰ ਤੁਰੰਤ ਇਸ ਦੀ ਸੂਚਨਾ ਦਿੱਤੀ ਸੀ ਤਾਂ ਕਿ ਚੁੰਗੀ ਨੂੰ ਡੇਗਣ ਵਾਲਿਆਂ  ਵਿਰੁੱਧ ਕਾਰਵਾਈ ਕੀਤੀ ਜਾ ਸਕੇ।
ਕੀ ਕਹਿਣੈ ਕਾਰਜਸਾਧਕ ਅਫਸਰ ਅਤੇ ਪ੍ਰੀਸ਼ਦ ਦੇ ਪ੍ਰਧਾਨ ਦਾ
ਨਗਰ ਕੌਂਸਲ ਦੀ ਚੁੰਗੀ ਵਾਲੀ ਇਮਾਰਤ ਨੂੰ ਡੇਗਣ ਸਬੰਧੀ ਜਦੋਂ ਕਾਰਜਸਾਧਕ ਅਫਸਰ ਅਨਿਲ ਮਹਿਤਾ ਅਤੇ ਪ੍ਰੀਸ਼ਦ ਪ੍ਰਧਾਨ ਰਾਕੇਸ਼ ਮਹਾਜਨ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ  ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕਿਸੇ ਸ਼ਰਾਰਤੀ ਅਨਸਰ ਵੱਲੋਂ ਚੁੰਗੀ ਨੂੰ ਡੇਗਿਆ ਗਿਆ ਹੈ। ਉਨ੍ਹਾਂ ਨੇ ਇਸ ਸਬੰਧ ਵਿਚ ਪੁਲਸ ਨੂੰ ਲਿਖਤੀ ਸ਼ਿਕਾਇਤ ਕਰ ਦਿੱਤੀ  ਹੈ ਤਾਂ ਕਿ ਦੋਸ਼ੀਆਂ ’ਤੇ ਬਣਦੀ ਕਾਰਵਾਈ ਹੋ ਸਕੇ।