ਡਿਜੀਟਲ ਪ੍ਰਚਾਰ : ਰੈਲੀਆਂ ਤੇ ਰੋਡ ਸ਼ੋਅ ’ਤੇ ਰੋਕ ਨਾਲ ਗੱਡੀਆਂ, ਟੈਂਟ ਤੇ ਝੰਡਿਆਂ ਦੇ ਕੰਮ ’ਤੇ ਪਈ ਮੰਦੀ ਦੀ ਮਾਰ

01/15/2022 4:43:34 PM

ਚੰਡੀਗੜ੍ਹ (ਰਮਨਜੀਤ) : ਪੰਜਾਬ ’ਚ ਚੋਣਾਂ ਦਾ ਐਲਾਨ ਹੋਏ ਨੂੰ ਤਕਰੀਬਨ ਇਕ ਹਫ਼ਤਾ ਬੀਤ ਚੁੱਕਿਆ ਹੈ ਪਰ ਚੋਣਾਂ ਵਾਲੀ ਰੰਗਤ ਗਾਇਬ ਹੈ। ਕੋਰੋਨਾ ਦੇ ਨਵੇਂ ਵੇਰੀਐਂਟ ਕਾਰਨ ਚੋਣ ਕਮਿਸ਼ਨ ਨੇ ਚੋਣਾਂ ਦਾ ਐਲਾਨ ਕਰਨ ਦੇ ਨਾਲ ਹੀ ਜਨ ਸਭਾਵਾਂ ’ਤੇ ਰੋਕ ਲਗਾ ਦਿੱਤੀ ਸੀ ਅਤੇ ਡਿਜੀਟਲ ਤਰੀਕੇ ਨਾਲ ਪ੍ਰਚਾਰ ਕਰਨ ਅਤੇ ਲੋਕਾਂ ਤੱਕ ਪਹੁੰਚ ਬਣਾਉਣ ਨੂੰ ਕਿਹਾ ਗਿਆ ਸੀ। ਇਸ ਨਾਲ ਨਾ ਸਿਰਫ਼ ਰਾਜਨੀਤਕ ਪਾਰਟੀਆਂ ਨੂੰ ਪ੍ਰਚਾਰ ਲਈ ਦਿੱਕਤਾਂ ਨਾਲ ਜੂਝਣਾ ਪੈ ਰਿਹਾ ਹੈ, ਸਗੋਂ ਚੋਣ ਪ੍ਰਚਾਰ ਦੇ ਦਿਨਾਂ ’ਚ ਚੰਗੀ ਕਮਾਈ ਦੀ ਉਮੀਦ ਲਗਾਈ ਬੈਠੇ ਕਈ ਤਰ੍ਹਾਂ ਦੇ ਕਾਰੋਬਾਰ ਨਾਲ ਜੁੜੇ ਲੋਕ ਵੀ ਨਿਰਾਸ਼ ਹਨ।

ਇਹ ਵੀ ਪੜ੍ਹੋ : ਜ਼ਮਾਨਤ ਮਿਲਣ ਤੋਂ ਬਾਅਦ ਪਹਿਲੀ ਵਾਰ ਅੰਮ੍ਰਿਤਸਰ ਪਹੁੰਚੇ ਮਜੀਠੀਆ, ਦਿੱਤਾ ਵੱਡਾ ਬਿਆਨ

ਰਾਜਨੀਤਕ ਪਾਰਟੀਆਂ ਦੀਆਂ ਰੈਲੀਆਂ ਅਤੇ ਰੋਡ ਸ਼ੋਅ ’ਤੇ ਰੋਕ ਹੋਣ ਕਾਰਨ ਨਾ ਟੈਂਟ ਵਾਲਿਆਂ ਦੀ ਡਿਮਾਂਡ ਵਧੀ, ਨਾ ਫਲੈਕਸ ਅਤੇ ਝੰਡੀਆਂ ਦੀ ਮੰਗ ’ਚ ਉਛਾਲ ਆਇਆ। ਇੰਨਾ ਹੀ ਨਹੀਂ, ਰੋਡ ਸ਼ੋਅ ਅਤੇ ਰੈਲੀਆਂ ਦੌਰਾਨ ਇਸਤੇਮਾਲ ਹੋਣ ਵਾਲੇ ਟੈਕਸੀ ਵਾਹਨਾਂ ਦੀ ਵੀ ਡਿਮਾਂਡ ਨਹੀਂ ਵਧੀ ਅਤੇ ਗੁਆਂਢੀ ਰਾਜ ਹਰਿਆਣਾ ਦੇ ਡੱਬਵਾਲੀ ਤੋਂ ਰੋਡ ਸ਼ੋਅ ਅਤੇ ਨਾਮਜ਼ਦਗੀ ਲਈ ਮੰਗਵਾਈਆਂ ਜਾਣ ਵਾਲੀਆਂ ਖੁੱਲ੍ਹੀਆਂ ਜੀਪਾਂ ਨੂੰ ਵੀ ਕੋਈ ਪੁੱਛਣ ਵਾਲਾ ਨਹੀਂ ਹੈ। ਹੁਣ ਸਿਆਸੀ ਪਾਰਟੀਆਂ ਦੇ ਨਾਲ ਪੰਜਾਬ ਦੇ ਅਜਿਹੇ ਕਾਰੋਬਾਰੀਆਂ ਦੀਆਂ ਨਜ਼ਰਾਂ ਵੀ ਚੋਣ ਕਮਿਸ਼ਨ ’ਤੇ ਟਿਕੀਆਂ ਹਨ, ਜਿਨ੍ਹਾਂ ਨੂੰ ਉਮੀਦ ਸੀ ਕਿ ਚੋਣ ਪ੍ਰਚਾਰ ਦੇ ਦਿਨਾਂ ’ਚ ਕੋਰੋਨਾ ਕਾਰਨ ਬੀਤੇ ਲੰਬੇ ਸਮੇਂ ਤੋਂ ਚੱਲ ਰਹੇ ਠੰਡੇ ਕਾਰੋਬਾਰ ’ਚ ਕੁੱਝ ਗਰਮੀ ਪੈਦਾ ਹੋਵੇਗੀ।

ਇਹ ਵੀ ਪੜ੍ਹੋ : ਉਮੀਦਵਾਰਾਂ ਦੇ ਨਾਂ ’ਤੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ’ਚ ਕਾਂਗਰਸ ਹਾਈਕਮਾਨ, ਮੰਤਰੀਆਂ ਦੀ ਟਿਕਟ ਪੱਕੀ

ਡੱਬਵਾਲੀ ਦੀ ਜੀਪ ਮੌਡੀਫਾਈ ਮਾਰਕੀਟ ਹੋਈ ਠੰਡੀ
ਆਮ ਹਾਲਾਤ ’ਚ ਕਾਫ਼ੀ ਗਿਣਤੀ ’ਚ ਜੀਪਾਂ ਵੇਚਣ ਵਾਲੀ ਡੱਬਵਾਲੀ ਦੀ ਜੀਪ ਮਾਰਕੀਟ ਵੀ ਕੋਰੋਨਾ ਦੇ ਚੱਕਰ ’ਚ ਠੰਡੀ ਚੱਲ ਰਹੀ ਹੈ। ਚੋਣਾਂ ਨਾਲ ਉਮੀਦ ਬੱਝੀ ਸੀ ਕਿ ਚੋਣ ਪ੍ਰਚਾਰ ਅਤੇ ਰੋਡ ਸ਼ੋਅ ਆਦਿ ਲਈ ਉਨ੍ਹਾਂ ਦੀਆਂ ਸਟਾਈਲਿਸ਼ ਅਤੇ ਮੌਡੀਫਾਈਡ ਜੀਪਾਂ ਦੀ ਮੰਗ ਵਧੇਗੀ ਅਤੇ ਲਾਕਡਾਊਨ ਨਾਲ ਪੈਦਾ ਹੋਏ ਹਾਲਾਤ ਤੋਂ ਕੁੱਝ ਰਾਹਤ ਮਿਲੇਗੀ ਪਰ ਚੋਣ ਕਮਿਸ਼ਨ ਵੱਲੋਂ ਰੈਲੀਆਂ ਅਤੇ ਰੋਡ ਸ਼ੋਅ ਕਰਨ ਦੀ ਆਗਿਆ ਨਾ ਦਿੱਤੇ ਜਾਣ ਕਾਰਨ ਜੀਪਾਂ ਦੀ ਮੰਗ ਨਹੀਂ ਵਧੀ। ਇਸ ਸੰਬੰਧੀ ਟੀਟੂ ਬਾਂਸਲ, ਬਾਂਸਲ ਮੋਟਰਜ਼, ਸਿਰਸਾ ਰੋਡ, ਡੱਬਵਾਲੀ ਨੇ ਕਿਹਾ ਕਿ ’ਚ ਤਿਆਰ ਹੋਣ ਵਾਲੀਆਂ ਮੌਡੀਫਾਈਡ ਜੀਪਾਂ ਦੀ ਚੋਣ ਰੈਲੀਆਂ ਅਤੇ ਰੋਡ ਸ਼ੋਅ ਆਦਿ ਲਈ ਵਿਸ਼ੇਸ਼ ਡਿਮਾਂਡ ਰਹਿੰਦੀ ਹੈ ਪਰ ਇਸ ਵਾਰ ਚੋਣ ਐਲਾਨ ਦੇ ਬਾਵਜੂਦ ਪੰਜਾਬ ਤੋਂ ਜੀਪਾਂ ਦੀ ਮੰਗ ਨਹੀਂ ਉਠੀ ਹੈ। ਅਸੀਂ ਸਾਲ ’ਚ ਤਕਰੀਬਨ 25-30 ਜੀਪਾਂ ਵੇਚ ਦਿੰਦੇ ਹਾਂ ਪਰ ਕੋਰੋਨਾ ਕਾਰਨ ਇਹ ਨਹੀਂ ਹੋ ਸਕਿਆ ਸੀ। ਹੁਣ ਚੋਣਾਂ ਦੌਰਾਨ ਕੁੱਝ ਉਮੀਦ ਸੀ ਪਰ ਅਜੇ ਤੱਕ ਤਾਂ ਮੰਗ ਨਹੀਂ ਵਧੀ ਹੈ।

ਇਹ ਵੀ ਪੜ੍ਹੋ : ਮਾਨਸਾ ਹਲਕੇ ਦੀ ਟਿਕਟ ਦੇ ਰੌਲੇ ਦੌਰਾਨ ਨਵਜੋਤ ਸਿੱਧੂ ਨੂੰ ਮਿਲੇ ਸਿੱਧੂ ਮੂਸੇਵਾਲਾ

ਇਕ ਮਹੀਨਾ ਰਹਿ ਗਿਆ, ਆਰਡਰ ਮਿਲਣੇ ਸ਼ੁਰੂ ਨਹੀਂ ਹੋਏ
ਜ਼ੀਰਕਪੁਰ ’ਚ ਗੌਰੀ ਗਣੇਸ਼ ਦੇ ਨਾਂ ਨਾਲ ਫਲੈਕਸ ਅਤੇ ਪੋਸਟਰ ਪ੍ਰਿੰਟਿੰਗ ਦਾ ਕੰਮ ਕਰਨ ਵਾਲੇ ਗੁਰਪ੍ਰੀਤ ਗੋਲਡੀ ਦਾ ਕਹਿਣਾ ਹੈ ਕਿ ਪਹਿਲਾਂ ਚੋਣਾਂ ਦਾ ਐਲਾਨ ਹੁੰਦੇ ਹੀ ਪ੍ਰਿੰਟਿੰਗ ਆਰਡਰ ਮਿਲਣੇ ਸ਼ੁਰੂ ਹੋ ਜਾਂਦੇ ਸਨ ਪਰ ਇਸ ਵਾਰ ਅਜੇ ਤੱਕ ਅਜਿਹਾ ਨਹੀਂ ਹੋਇਆ। ਚੋਣ ਮੌਸਮ ’ਚ ਕਈ ਵਾਰ ਅਜਿਹਾ ਵੀ ਹੁੰਦਾ ਰਿਹਾ ਹੈ ਕਿ ਕੋਈ ਵੱਡਾ ਆਰਡਰ ਮਿਲਣ ’ਤੇ 2-3 ਪ੍ਰਿੰਟਿਗ ਪ੍ਰੈੱਸ ਕਾਰੋਬਾਰੀਆਂ ਨੂੰ ਮਿਲ ਕੇ ਉਸ ਨੂੰ ਪੂਰਾ ਕਰਨਾ ਪੈਂਦਾ ਸੀ। ਇਸ ਲਈ ਉਮੀਦ ਸੀ ਕਿ ਲਾਕਡਾਊਨ ਤੋਂ ਮਿਲੇ ਕਾਰੋਬਾਰੀ ਝਟਕੇ ਨੂੰ ਚੋਣ ਮੌਸਮ ’ਚ ਕੰਮ ਦੀ ਵਰਖਾ ਰਾਹਤ ਦੇਵੇਗੀ ਪਰ ਉਮੀਦ ਲਗਾਤਾਰ ਘੱਟ ਹੁੰਦੀ ਜਾ ਰਹੀ ਹੈ। ਚੋਣਾਂ ’ਚ ਸਿਰਫ਼ ਇਕ ਮਹੀਨਾ ਹੀ ਬਚਿਆ ਹੈ ਅਤੇ ਅਜੇ ਤੱਕ ਕੰਮ ਸ਼ੁਰੂ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ : ਟਵਿੱਟਰ ’ਤੇ ਕੈਪਟਨ ਦੀ ਸਰਦਾਰੀ ਨਵਜੋਤ ਸਿੱਧੂ ਪਿੱਛੜੇ, ਫੇਸਬੁੱਕ ’ਤੇ ਸੁਖਬੀਰ ਬਾਦਲ ਦੀ ਬੱਲੇ-ਬੱਲੇ

ਨਾ ਟੈਕਸੀਆਂ ਬੁੱਕ ਹੋਈਆਂ, ਨਾ ਹੀ ਟੈਂਟ ਸਰਵਿਸ
ਪਟਿਆਲਾ ’ਚ ਟੈਕਸੀ ਕਾਰੋਬਾਰ ਚਲਾਉਣ ਵਾਲੇ ਕਰਮਜੀਤ ਸਿੰਘ ਕਾਲਾ ਮੁਤਾਬਿਕ ਟੈਕਸੀ ਦਾ ਕਾਰੋਬਾਰ ਸੀਜ਼ਨਲ ਰਹਿੰਦਾ ਹੈ। ਵਿਆਹ-ਸ਼ਾਦੀਆਂ ਦੇ ਦਿਨਾਂ ’ਚ ਤਾਂ ਲਗਾਤਾਰ ਬੁਕਿੰਗ ਮਿਲਦੀ ਰਹਿੰਦੀ ਹੈ ਅਤੇ ਕਮਾਈ ਦਾ ਸਾਧਨ ਬਣਿਆ ਰਹਿੰਦਾ ਹੈ ਪਰ ਕੋਰੋਨਾ ਕਾਰਨ ਹੋਏ ਲਾਕਡਾਊਨ ਨੇ ਕਈ ਟੈਕਸੀ ਕਾਰੋਬਾਰੀਆਂ ਨੂੰ ਕਰਜ਼ੇ ’ਚ ਡੁਬੋ ਦਿੱਤਾ ਅਤੇ ਕਈ ਦੀਆਂ ਬੈਂਕ ਕਿਸ਼ਤਾਂ ਨਾ ਭਰੇ ਜਾਣ ਕਾਰਨ ਗੱਡੀਆਂ ਤੱਕ ਜ਼ਬਤ ਹੋਈਆਂ। ਸਾਰਿਆਂ ਨੂੰ ਉਮੀਦ ਸੀ ਕਿ ਮਹੌਲ ਖੁੱਲ੍ਹਣ ਲੱਗਿਆ ਹੈ ਅਤੇ ਸਰਕਾਰੀ ਪਾਬੰਦੀਆਂ ਘੱਟ ਹੋਣ ਲੱਗੀਆਂ ਹਨ ਤਾਂ ਕਾਰੋਬਾਰ ਚੱਲੇਗਾ । ਨਾਲ ਹੀ ਚੋਣਾਂ ਨੇੜੇ ਹੋਣ ਨਾਲ ਵੀ ਚੰਗੀ ਕਮਾਈ ਹੋਣ ਦੀ ਉਮੀਦ ਸੀ। ਚੋਣਾਂ ਦਾ ਐਲਾਨ ਵੀ ਹੋ ਗਿਆ ਅਤੇ ਕਾਰੋਬਾਰ ਫਿਰ ਵੀ ਨਹੀਂ ਵਧਿਆ ਹੈ। ਹੁਣ ਕਹਿ ਰਹੇ ਹਨ ਕਿ 15 ਤੋਂ ਬਾਅਦ ਰੈਲੀਆਂ ਹੋਣ ਦੀ ਆਗਿਆ ਮਿਲੀ ਤਾਂ ਕਾਰੋਬਾਰ ਚੱਲੇਗਾ।

ਇਹ ਵੀ ਪੜ੍ਹੋ : ਬਠਿੰਡਾ ਗੈਂਗਵਾਰ ’ਚ ਵੱਡਾ ਖ਼ੁਲਾਸਾ, ਕੈਨੇਡਾ ’ਚ ਰਚੀ ਗਈ ਸੀ ਸਾਜ਼ਿਸ਼, ਗੈਂਗਸਟਰ ਸੁੱਖਾ ਨੇ ਫੇਸਬੁੱਕ ’ਤੇ ਲਈ ਜ਼ਿੰਮੇਵਾਰੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Gurminder Singh

This news is Content Editor Gurminder Singh