ਡਾਇਟ ਸਟਾਫ ਤਨਖਾਹਾਂ ਨਾ ਮਿਲਣ ਕਾਰਨ ਪ੍ਰੇਸ਼ਾਨ

12/21/2017 7:14:51 AM

ਕਪੂਰਥਲਾ, (ਮੱਲ੍ਹੀ)- ਜ਼ਿਲਾ ਸਿੱਖਿਆ ਤੇ ਸਿਖਲਾਈ ਸੰਸਥਾ (ਡਾਇਟ) ਸ਼ੇਖੂਪੁਰ ਦੇ ਸਮੂਹ ਮੁਲਾਜ਼ਮ ਪਿਛਲੇ 5 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਤੰਗ ਪ੍ਰੇਸ਼ਾਨ ਹਨ। ਡਾਇਟ ਐਸੋਸੀਏਸ਼ਨ ਪੰਜਾਬ ਦੀ ਸ਼ੇਖੂਪੁਰ ਇਕਾਈ ਦੀ ਅਗਵਾਈ ਕਰਦਿਆਂ ਐਸੋਸੀਏਸ਼ਨ ਪੰਜਾਬ ਦੇ ਸਕੱਤਰ ਲੈਕ. ਗੁਰਚਰਨ ਸਿੰਘ ਚਾਹਲ ਨੇ ਅੱਜ ਸਮੂਹ ਮੁਲਾਜ਼ਮਾਂ ਦੀ ਪਿਛਲੇ 5 ਮਹੀਨਿਆਂ ਤੋਂ ਰੁਕੀ ਤਨਖਾਹ ਜਾਰੀ ਕਰਨ ਦੀ ਮੰਗ ਕਰਦਿਆਂ ਡਾਇਟ ਸ਼ੇਖੂਪੁਰ ਦੇ ਪ੍ਰਿੰਸੀਪਲ ਗੁਰਭਜਨ ਸਿੰਘ ਲਾਸਾਨੀ ਨੂੰ ਪੰਜਾਬ ਸਰਕਾਰ ਦੇ ਨਾਂ ਲਿਖਤੀ ਮੰਗ ਪੱਤਰ ਸੌਂਪਿਆ ਗਿਆ। 
ਮੰਗ ਪੱਤਰ ਸੌਂਪਣ ਸਮੇਂ ਹਾਜ਼ਰ ਐਸੋਸੀਏਸ਼ਨ ਦੇ ਵਫਦ 'ਚ ਸ਼ਾਮਲ ਲੈਕ. ਗੁਰਚਰਨ ਚਾਹਲ, ਲੈਕ. ਧਰਮਿੰਦਰ ਰੈਣਾ, ਲੈਕ. ਝਿਰਮਲ ਸਿੰਘ ਮੁਲਤਾਨੀ, ਲੈਕ. ਹਰਵਿੰਦਰ ਸਿੰਘ ਭੰਡਾਲ, ਲੈਕ. ਅਸ਼ਵਨੀ ਮੈਣੀ, ਲੈਕ. ਸਪਨਾ ਗੁਪਤਾ, ਸੁਪਰਡੈਂਟ ਸ਼ਸ਼ੀ ਬਾਲਾ, ਸੁਖਦੇਵ ਸਿੰਘ, ਕਾਂਤਾ ਤੇ ਜਗਮੋਹਨ ਸਿੰਘ ਆਦਿ ਨੇ ਕਿਹਾ ਕਿ ਡਾਇਟ ਦੇ ਸਮੁੱਚੇ ਸਟਾਫ ਨੂੰ ਪਿਛਲੇ 5 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਰਕੇ ਲੈਕਚਰਾਰ ਤੇ ਕਲੈਰੀਕਲ ਸਟਾਫ ਦਾ ਮਹਿੰਗਾਈ ਦੇ ਦੌਰ 'ਚ ਗੁਜ਼ਾਰਾ ਕਰਨਾ ਬੜੀ ਔਖਾ ਹੈ। ਉਨ੍ਹਾਂ ਕਿਹਾ ਕਿ ਡਾਇਟ ਸ਼ੇਖੂਪੁਰ ਦੇ ਸਮੂਹ ਸਟਾਫ ਦੀਆਂ ਤਨਖਾਹਾਂ ਦਾ ਮਸਲਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਤਾਂ ਜੋ ਤਨਖਾਹਾਂ ਨਾ ਮਿਲਣ ਕਰਕੇ ਆਰਥਿਕ ਤੰਗੀ ਝੱਲ ਰਹੇ ਡਾਇਟ ਸਟਾਫ ਨੂੰ ਕੁਝ ਰਾਹਤ ਮਿਲ ਸਕੇ।