ਦੀਦਾਰ ਸਿੰਘ ਨਲਵੀ ਨੇ HSGPC ਬਣਾਉਣ ਦੀ ਦੱਸੀ ਵਜ੍ਹਾ, ਪ੍ਰਧਾਨਗੀ ਦੀ ਠੋਕੀ ਦਾਅਵੇਦਾਰੀ

09/29/2022 4:20:18 AM

ਜਲੰਧਰ (ਵੈੱਬ ਡੈਸਕ) : ਬੀਤੇ ਦਿਨੀਂ ਸੁਪਰੀਮ ਕੋਰਟ ਦੇ ਆਦੇਸ਼ ਆਏ ਹਨ, ਜਿਨ੍ਹਾਂ ਤਹਿਤ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਅਧਿਕਾਰ ਮਿਲੇ ਹਨ ਕਿ ਹਰਿਆਣਾ ਚ ਮੌਜੂਦ ਗੁਰਦੁਆਰਾ ਸਾਹਿਬਾਨ ਦੀ ਦੇਖਭਾਲ ਉਕਤ ਕਮੇਟੀ ਕਰੇਗੀ ਤੇ ਇਸ ਨੂੰ SGPC ਨਾਲੋਂ ਉਨ੍ਹਾਂ ਨੂੰ ਵੱਖ ਕੀਤਾ ਗਿਆ ਹੈ। ਕਹਿਣ ਦਾ ਭਾਵ ਹੈ ਕਿ ਬੇਸ਼ੱਕ ਇਸ ਤੋਂ ਬਾਅਦ ਐਡਹਾਕ ਕਮੇਟੀ ਬਣੀ ਸੀ ਪਰ ਹੁਣ ਕਾਨੂੰਨੀ ਤੌਰ 'ਤੇ ਜਿਹੜੇ ਅਧਿਕਾਰ ਹਨ, ਉਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲ ਗਏ ਹਨ। ਅਜੇ ਪ੍ਰਧਾਨ ਦੀ ਚੋਣ ਹੋਣੀ ਬਾਕੀ ਹੈ।

ਇਹ ਵੀ ਪੜ੍ਹੋ : ਮੁਸਲਿਮ ਕਲਾਕਾਰਾਂ ਵੱਲੋਂ ਗੁਰਦੁਆਰਾ ਸ੍ਰੀ ਪੰਜਾ ਸਾਹਿਬ 'ਚ ਕੀਤੀ ਬੇਅਦਬੀ 'ਤੇ ਪਾਕਿਸਤਾਨੀ ਸਿੱਖਾਂ ਨੇ ਜਤਾਇਆ ਇਤਰਾਜ਼

ਪਿਛਲੇ ਕੁਝ ਦਿਨ ਜਗਦੀਸ਼ ਸਿੰਘ ਝੀਂਡਾ ਦਾ ਨਾਂ ਵੀ ਆਇਆ ਪਰ ਅਜੇ ਤੱਕ ਪ੍ਰਧਾਨ ਦੀ ਚੋਣ ਪੈਂਡਿੰਗ ਦੱਸੀ ਜਾ ਰਹੀ ਹੈ ਤੇ ਇਸ ਜੱਦੋ-ਜਹਿਦ ਦੇ ਵਿੱਚ ਬਹੁਤ ਸਾਰੇ ਅਜਿਹੇ ਦਾਅਵੇਦਾਰ ਹਨ, ਜਿਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਸੇਵਾ ਦਿੱਤੀ ਜਾਣੀ ਚਾਹੀਦੀ ਹੈ। ਮੰਨਿਆ ਇਹ ਵੀ ਜਾ ਰਿਹਾ ਹੈ ਕਿ ਦੀਦਾਰ ਸਿੰਘ ਨਲਵੀ ਵੀ ਇਸ ਦੌੜ ਵਿੱਚ ਸ਼ਾਮਲ ਹਨ। ਨਲਵੀ ਦਾ ਇਹ ਦਾਅਵਾ ਹੈ ਕਿ ਜੇਕਰ ਵੱਖਰੀ ਗੁਰਦੁਆਰਾ ਕਮੇਟੀ ਦੀ ਸੋਚ ਸਥਾਪਤ ਹੋਈ ਹੈ ਤਾਂ ਉਨ੍ਹਾਂ ਦੇ ਉਪਰਾਲੇ ਸਦਕਾ ਹੋਈ ਹੈ। ਉਹ ਦਾਅਵਾ ਕਰਦੇ ਹਨ ਕਿ ਕਈ ਸਾਲਾਂ ਤੋਂ ਹੁਣ ਤੱਕ ਉਨ੍ਹਾਂ ਦੇ ਉਦਮਾਂ ਸਦਕਾ ਹੀ ਉਨ੍ਹਾਂ ਨੂੰ ਇਹ ਅਧਿਕਾਰ ਮਿਲੇ ਹਨ। ਜਗ ਬਾਣੀ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਇਸ ਬਾਰੇ ਦੀਦਾਰ ਸਿੰਘ ਨਲਵੀ ਨਾਲ ਵਿਸ਼ੇਸ਼ ਗੱਲਬਾਤ ਕੀਤੀ। 

ਇਹ ਵੀ ਪੜ੍ਹੋ : ਗਰੀਬ ਕਲਿਆਣ ਯੋਜਨਾ ਤਹਿਤ ਹੋਰ 3 ਮਹੀਨਿਆਂ ਤੱਕ ਮਿਲੇਗਾ ਰਾਸ਼ਨ, ਕੈਬਨਿਟ ਦੀ ਮਨਜ਼ੂਰੀ

ਸਭ ਤੋਂ ਪਹਿਲਾਂ ਇਹ ਪੁੱਛਣ 'ਤੇ ਕਿ ਤੁਸੀਂ ਇਹ ਦਾਅਵਾ ਕਰਦੇ ਹੋ ਕਿ ਗੁਰਦੁਆਰਾ ਕਮੇਟੀ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਤੁਸੀਂ ਕੀਤੀ ਹੈ, ਇਸ ਦਾ ਤੁਹਾਡੇ ਕੋਲ ਤੱਥ ਕੀ ਹੈ। ਇਸ ਦਾ ਜਵਾਬ ਦਿੰਦਿਆਂ ਨਲਵੀ ਨੇ ਕਿਹਾ ਕਿ ਜਦੋਂ ਮੈਂ 1997 'ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਰਿਟਾਇਰ ਹੋ ਕੇ ਕੁਰੂਕਸ਼ੇਤਰ ਗਿਆ ਤਾਂ ਮੈਂ ਇਹ ਮਹਿਸੂਸ ਕੀਤਾ ਕਿ ਪੰਜਾਬ ਤੇ ਦਿੱਲੀ ਵਿੱਚ ਵੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਤਾਂ ਹਰਿਆਣਾ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂ ਨਹੀਂ। ਮੈਂ ਕੁਰੂਕਸ਼ੇਤਰ ਤੇ ਹੋਰ ਕਈ ਥਾਵਾਂ 'ਤੇ ਆਪਣੇ ਸਾਥੀਆਂ ਨਾਲ ਸਲਾਹ-ਮਸ਼ਵਰਾ ਕੀਤਾ ਤੇ ਉਨ੍ਹਾਂ ਕਿਹਾ ਕਿ ਬਣਨੀ ਚਾਹੀਦੀ ਹੈ ਪਰ ਕਦੇ ਕਿਸੇ ਨੇ ਸੋਚਿਆ ਹੀ ਨਹੀਂ, ਇਹ ਪਹਿਲੀ ਵਾਰ ਹੈ ਕਿ ਤੁਸੀਂ ਇਸ ਬਾਰੇ ਵਿਚਾਰ ਰੱਖ ਰਹੇ ਹੋ। ਸਾਨੂੰ ਬੜਾ ਚੰਗਾ ਲੱਗਾ ਤੇ ਆਓ ਆਪਾਂ ਸ਼ੁਰੂ ਕਰੀਏ। ਇਸ ਲਈ ਅਸੀਂ ਸ਼ੁਰੂ ਕਰ ਦਿੱਤੀ ਤੇ ਸੰਗਤ ਨੇ ਬਹੁਤ ਵੱਡਾ ਹੁੰਗਾਰਾ ਦਿੱਤਾ। 2004 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਆ ਗਈ ਤੇ ਇਹ ਚੋਣ ਅਸੀਂ SGPC ਦੇ ਖ਼ਿਲਾਫ਼ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਂ ਦੀ ਸੰਸਥਾ ਬਣਾ ਕੇ ਹਰਿਆਣਾ ਵੱਲੋਂ ਲੜੀ। ਕੁਲ 11 ਸੀਟਾਂ 'ਚੋਂ ਅਸੀਂ 7 ਸੀਟਾਂ ਜਿੱਤੀਆਂ।

ਇਹ ਵੀ ਪੜ੍ਹੋ : ਮੰਤਰੀ ਮੰਡਲ ਦਾ ਫ਼ੈਸਲਾ: ਕੇਂਦਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ DA, DR ਦੀ ਵਾਧੂ ਕਿਸ਼ਤ ਕੀਤੀ ਜਾਵੇਗੀ ਜਾਰੀ

ਨਲਵੀ ਨੇ ਕਿਹਾ ਕਿ ਸੰਗਤਾਂ ਵੱਲੋਂ ਇਹ ਹੁੰਗਾਰਾ ਮਿਲਣ 'ਤੇ ਅਸੀਂ ਬੜੇ ਖੁਸ਼ ਹੋਏ। ਸੰਗਤ ਦਾ ਪਿਆਰ ਸਾਨੂੰ ਬਹੁਤ ਮਿਲਿਆ ਕਿਉਂਕਿ ਸੰਗਤ ਇਸ ਗੱਲ ਤੋਂ ਦੁਖੀ ਸੀ ਕਿ ਹਰਿਆਣਾ ਦੇ ਗੁਰਦੁਆਰਾ ਸਾਹਿਬਾਨ ਦਾ ਸਾਰਾ ਪੈਸਾ ਤਾਂ ਅੰਮ੍ਰਿਤਸਰ ਚਲਾ ਜਾਂਦਾ ਹੈ ਤੇ ਉਥੇ ਹੀ ਲੱਗ ਜਾਂਦਾ ਹੈ ਤੇ SGPC ਉਸ ਨੂੰ ਆਪਣੇ ਰਾਜਨੀਤਕ, ਧਾਰਮਿਕ ਤੇ ਸਮਾਜਿਕ ਹਿੱਤਾਂ ਲਈ ਵਰਤਦੀ ਹੈ। ਇਨ੍ਹਾਂ ਨੇ ਹਰਿਆਣਾ 'ਚ ਕਿਤੇ ਵੀ ਕੋਈ ਸਕੂਲ, ਕਾਲਜ, ਹਸਪਤਾਲ ਜਾਂ ਕੋਈ ਹੋਰ ਚੀਜ਼ ਨਹੀਂ ਬਣਾਈ। ਇੱਥੋਂ ਤੱਕ ਕਿ ਬੜੀ ਭੱਦਰਪੁਰ ਕੁਰੂਕਸ਼ੇਤਰ 'ਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ, ਜਿਸ ਦੀ 32 ਏਕੜ ਜ਼ਮੀਨ ਹੈ, ਬਤੌਰ SGPC ਮੈਂਬਰ ਉਦੋਂ ਮੈਂ ਬੀਬੀ ਜਗੀਰ ਕੌਰ ਨੂੰ ਕਿਹਾ ਸੀ ਕਿ ਇਸ ਛੋਟੇ ਪਰ ਇਤਿਹਾਸਕ ਗੁਰਦੁਆਰਾ ਸਾਹਿਬ, ਜਿਸ ਦੀ ਚਾਰਦੀਵਾਰੀ ਵੀ ਨਹੀਂ ਸੀ, ਉਥੇ ਅਵਾਰਾ ਪਸ਼ੂ ਤੇ ਕੁੱਤੇ ਫਿਰਦੇ ਰਹਿੰਦੇ ਸਨ। ਮੈਂ ਕਿਹਾ ਕਿ ਇਸ ਦੀ ਚਾਰਦੀਵਾਰੀ ਹੀ ਕਰਵਾ ਦਿਓ ਪਰ ਇਨ੍ਹਾਂ ਨੇ 2014 ਤੱਕ ਵੀ ਇਹ ਚਾਰਦੀਵਾਰੀ ਨਹੀਂ ਸੀ ਕਰਵਾਈ।

ਇਹ ਵੀ ਪੜ੍ਹੋ : IELTS 'ਚ ਘੱਟ ਬੈਂਡ ਆਉਣ 'ਤੇ ASI ਦੇ ਬੇਟੇ ਨੇ ਚੁੱਕਿਆ ਖੌਫ਼ਨਾਕ ਕਦਮ

ਇਹ ਪੁੱਛਣ 'ਤੇ ਕਿ ਇਸ ਸਬੰਧੀ ਤੁਸੀਂ ਗੁਜ਼ਾਰਿਸ਼ ਵੀ ਕਰ ਸਕਦੇ ਸੀ, ਕਮੇਟੀ ਵੱਖ ਹੋਣਾ ਕਿਉਂ ਲਾਜ਼ਮੀ ਸੀ। ਨਲਵੀ ਨੇ ਕਿਹਾ ਕਿ ਕਮੇਟੀ ਵੱਖ ਹੋਣ ਦਾ ਜੋ ਐਕਟ ਸੀ, ਉਹ ਜਦੋਂ ਅਕਾਲੀਆਂ ਦੀ ਮੰਗ 'ਤੇ ਪੰਜਾਬ ਪੁਨਰ ਗਠਨ ਐਕਟ 1966 ਬਣਿਆ, ਉਸ ਐਕਟ 'ਤੇ ਦਸਤਖਤ ਅਕਾਲੀਆਂ ਦੇ ਹਨ। ਉਸ ਐਕਟ ਦੇ ਸੈਕਸ਼ਨ 72 ਵਿੱਚ ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੀ ਵਿਵਸਥਾ ਪਾਰਲੀਮੈਂਟ ਨੇ 1966 ਵਿੱਚ ਹੀ ਕਰ ਦਿੱਤੀ ਸੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh