ਢਿੱਲਵਾਂ ਪੁਲਸ ਵੱਲੋਂ ਠੱਗ ਕਾਬੂ ਕਰਕੇ 3 ਮੁਕੱਦਮੇ ਕੀਤੇ ਟਰੇਸ

10/31/2017 5:54:46 AM

ਢਿੱਲਵਾਂ, (ਜਗਜੀਤ)- ਢਿੱਲਵਾਂ ਪੁਲਸ ਨੇ ਇਕ ਚੋਰ ਨਟਵਰ ਲਾਲ ਠੱਗ ਨੂੰ ਗ੍ਰਿਫ਼ਤਾਰ ਕਰਕੇ ਉਸ ਵੱਲੋਂ ਕੀਤੀਆਂ ਕਈ ਠੱਗੀਆਂ ਦੇ ਮਾਮਲੇ ਹੱਲ ਕਰਦੇ ਹੋਏ 3 ਮੁਕੱਦਮੇ ਟਰੇਸ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਜ਼ਿਲਾ ਪੁਲਸ ਮੁਖੀ ਸੰਦੀਪ ਸ਼ਰਮਾ ਨੇ ਦੱਸਿਆ ਕਿ ਏ. ਐੱਸ. ਪੀ. ਭੁੱਲਥ ਗੌਰਵ ਤੂਰਾ ਦੀ ਨਿਗਰਾਨੀ ਹੇਠ ਥਾਣਾ ਮੁਖੀ ਢਿੱਲਵਾਂ ਸਬ ਇੰਸ. ਜਰਨੈਲ ਸਿੰਘ ਦੀ ਅਗਵਾਈ ਹੇਠ ਢਿੱਲਵਾਂ ਪੁਲਸ ਨੇ ਗੁਰਮੀਤ ਸਿੰਘ ਪੁੱਤਰ ਘੁੱਲਾ ਸਿੰਘ ਵਾਸੀ ਪਿੰਡ ਬੁੱਢਾ ਥੇਹ ਥਾਣਾ ਢਿੱਲਵਾਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜੋਗਾ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਮਾਂਗੇਵਾਲ ਥਾਣਾ ਢਿੱਲਵਾਂ, ਰਣਜੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਮੰਡ ਥਾਣਾ ਲਾਂਬੜਾ ਜ਼ਿਲਾ ਜਲੰਧਰ ਤੇ ਸੰਤੋਖ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਸੈਦੋਕੇ ਥਾਣਾ ਮਹਿਤਾ ਜ਼ਿਲਾ ਅੰਮ੍ਰਿਤਸਰ ਨੇ ਥਾਣਾ ਢਿੱਲਵਾਂ ਵਿਖੇ ਦਰਖਾਸਤਾਂ ਦਿੱਤੀਆਂ ਸਨ ਕਿ ਗੁਰਮੀਤ ਸਿੰਘ ਪੁੱਤਰ ਘੁੱਲਾ ਸਿੰਘ ਵਾਸੀ ਪਿੰਡ ਬੁੱਢਾ ਥੇਹ ਥਾਣਾ ਢਿੱਲਵਾਂ, ਜੋ ਡਾਕ ਮਹਿਕਮੇ 'ਚ ਬਤੌਰ ਡਾਕੀਆ ਨੌਕਰੀ ਕਰਦਾ ਹੈ, ਨੇ ਉਨ੍ਹਾਂ ਦੇ ਲੜਕਿਆਂ ਨੂੰ ਫੌਜ 'ਚ ਭਰਤੀ ਕਰਵਾਉਣ ਬਦਲੇ 7 ਲੱਖ ਰੁਪਏ ਦੀ ਠੱਗੀ ਮਾਰੀ ਹੈ। ਉਕਤ ਸ਼ਿਕਾਇਤ ਕਰਤਾਵਾਂ ਨੇ ਕਿਹਾ ਕਿ ਨਾ ਤਾਂ ਗੁਰਮੀਤ ਸਿੰਘ ਨੇ ਉਨ੍ਹਾਂ ਦੇ ਲੜਕਿਆਂ ਨੂੰ ਫੌਜ 'ਚ ਭਰਤੀ ਕਰਵਾਇਆ ਤੇ ਨਾ ਹੀ ਪੈਸੇ ਵਾਪਸ ਕੀਤੇ। ਥਾਣਾ ਮੁਖੀ ਸਬ-ਇੰਸ. ਜਰਨੈਲ ਸਿੰਘ ਨੇ ਗੁਰਮੀਤ ਸਿੰਘ ਵਿਰੁੱਧ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਪਰ ਗੁਰਮੀਤ ਸਿੰਘ ਆਪਣੀ ਗ੍ਰਿਫਤਾਰੀ ਤੋਂ ਬਚਦਾ ਰਿਹਾ, ਜਿਸਨੂੰ ਏ. ਐੱਸ. ਆਈ. ਕੇਵਲ ਸਿੰਘ ਨੇ ਗ੍ਰਿਫਤਾਰ ਕੀਤਾ ਤੇ ਉਸ ਪਾਸੋਂ ਲੋਕਾਂ ਨਾਲ ਕੀਤੀਆਂ ਠੱਗੀਆਂ, ਲਏ ਹੋਏ ਪੈਸਿਆਂ 'ਚੋਂ ਖਰੀਦੇ ਇਕ ਬਿਨਾਂ ਨੰਬਰੀ ਸਕੂਟਰ ਤੇ ਇਕ ਮੋਟਰਸਾਈਕਲ ਬਰਾਮਦ ਕੀਤਾ। ਥਾਣਾ ਮੁਖੀ ਸਬ ਇੰਸ. ਜਰਨੈਲ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਪਾਸੋਂ ਹੋਰ ਪੁਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗੁਰਮੀਤ ਸਿੰਘ ਖਿਲਾਫ਼ ਹੋਰ ਕਈ ਜ਼ਿਲਿਆਂ 'ਚ ਭਰਤੀ ਦੇ ਨਾਂ 'ਤੇ ਠੱਗੀਆਂ ਮਾਰਨ ਦੀਆਂ ਸ਼ਿਕਾਇਤਾਂ ਕੀਤੀਆਂ ਹੋਈਆਂ ਹਨ, ਜਿਨ੍ਹਾਂ ਨੂੰ ਗੁਰਮੀਤ ਸਿੰਘ ਦੀ ਗ੍ਰਿਫਤਾਰੀ ਬਾਰੇ ਨੋਟ ਕਰਵਾ ਦਿੱਤਾ ਗਿਆ ਹੈ। ਥਾਣਾ ਮੁਖੀ ਨੇ ਸਬ ਇੰਸ. ਜਰਨੈਲ ਸਿੰਘ ਨੇ ਦੱਸਿਆ ਕਿ ਸੁਰਜੀਤ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਪਿੰਡ ਬੁੱਢਾ ਥੇਹ ਥਾਣਾ ਢਿੱਲਵਾਂ ਨੂੰ 2 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਕੇ ਮੁਕੱਦਮਾ ਦਰਜ ਕੀਤਾ ਹੈ।