ਥਾਣੇ ਵਿਚ ਮਰੀ ਧੀ ਦਾ ਮਾਂ ਨੇ ਬਿਆਨ ਕੀਤਾ ਹੈਰਾਨ ਕਰਦਾ ਸੱਚ

05/25/2016 1:31:30 PM

ਬਠਿੰਡਾ : ਇਥੋਂ ਦੇ ਪਿੰਡ ਬਾਲਿਆਂਵਾਲੀ ਥਾਣੇ ਵਿਚ ਸ਼ੱਕੀ ਹਾਲਾਤ ਵਿਚ ਮਰਨ ਵਾਲੀ ਹਰਿਆਣਾ ਦੇ ਪਿੰਡ ਦਾਦੂ ਦੇ ਦਲਿਤ ਪਰਿਵਾਰ ਦੀ ਧੀ ਜਸਵੀਰ ਕੌਰ ਦੇ ਮਾਮਲੇ ਵਿਚ ਮ੍ਰਿਤਕਾ ਦੀ ਮਾਂ ਨੇ ਨਵਾਂ ਖੁਲਾਸਾ ਕੀਤਾ ਹੈ। ਮ੍ਰਿਤਕਾ ਦੀ ਮਾਂ ਤੇ ਘਟਨਾ ਦੀ ਚਸ਼ਮਦੀਦ ਗਵਾਹ ਮਲਕੀਤ ਕੌਰ ਨੇ ਦੱਸਿਆ ਹੈ ਕਿ ਉਸ ਦੀ ਧੀ ਜਸਵੀਰ ਕੌਰ ਨੇ ਥਾਣੇ ਅੰਦਰ ਖੁਦਕੁਸ਼ੀ ਨਹੀਂ ਕੀਤੀ। ਮਲਕੀਤ ਕੌਰ ਮੁਤਾਬਕ ਉਸ ਦੀ ਧੀ ਦੀ ਮੌਤ ਥਾਣੇ ਅੰਦਰ ਹੀ ਹੋ ਗਈ ਸੀ ਪਰ ਪੁਲਸ ਨੇ ਜਸਵੀਰ ਦੀ ਮੌਤ ਬਾਰੇ ਸਵੇਰੇ ਜਾ ਕੇ ਦੱਸਿਆ। ਮਲਕੀਤ ਕੌਰ ਮੁਤਾਬਕ ਪੁਲਸ ਜਸਵੀਰ ਦਾ ਇਲਾਜ ਕਰਵਾਉਣ ਬਹਾਨੇ ਰਾਤ ਦੇ ਢਾਈ ਵਜੇ ਤਕ ਖਾਲੀ ਕਾਗਜ਼ਾਂ ''ਤੇ ਉਸ ਦੇ ਅੰਗੂਠੇ ਹੀ ਲੁਆਉਂਦੀ ਰਹੀ।
ਮਲਕੀਤ ਕੌਰ ਨੇ ਦੱਸਿਆ ਕਿ ਉਸ ਨੂੰ ਪਿੰਡ ਕੋਟੜਾ ਤੋਂ ਫੋਨ ਆਇਆ ਕਿ ਉਸ ਦੀ ਧੀ ਉਥੇ ਹੈ ਤੇ ਆ ਕੇ ਲੈ ਜਾਓ। ਉਹ ਆਪਣੇ ਪੁੱਤਰ ਲਖਵੀਰ ਨੂੰ ਨਾਲ ਲੈ ਕੇ ਸ਼ਨੀਵਾਰ ਨੂੰ ਕੋਟੜਾ ਚਲੀ ਗਈ, ਜਦੋਂ ਉਹ ਪਿੰਡ ਪਹੁੰਚੀ ਤਾਂ ਉਸ ਦੀ ਧੀ ਤੋਂ ਸਰਪੰਚ ਦੇ ਘਰ ਪੁੱਛਗਿੱਛ ਕੀਤੀ ਜਾ ਰਹੀ ਸੀ। ਜਦੋਂ ਉਸ ਨੇ ਧੀ ਨੂੰ ਸੱਚ ਬੋਲਣ ਲਈ ਕਿਹਾ ਤਾਂ ਉਹ ਕਹਿਣ ਲੱਗੀ ਕਿ ਜੇ ਉਹ ਸੱਚ ਬੋਲੇਗੀ ਤਾਂ ਦਾਦਾ ਉਸ ਨੂੰ ਮਾਰ ਦੇਵੇਗਾ। ਇਸ ਤੋਂ ਬਾਅਦ ਉਹ ਮਲਕੀਤ ਕੌਰ ਤੇ ਜਸਵੀਰ ਕੌਰ ਨੂੰ ਲੈ ਕੇ ਥਾਣੇ ਚਲੇ ਗਏ, ਪੁੱਤਰ ਨੂੰ ਘਰੇ ਹੀ ਪਿੰਡ ਕੋਟੜਾ ਛੱਡ ਦਿੱਤਾ।
ਮਲਕੀਤ ਕੌਰ ਮੁਤਾਬਕ ਸਰਪੰਚ ਨੇ ਉਸ ਦੀ ਧੀ ਤੋਂ ਪਹਿਲਾਂ ਹੀ ਉਸ ਦਾ ਫੋਨ ਖੋਹ ਲਿਆ ਸੀ। ਮਾਂ ਨੇ ਦੱਸਿਆ ਕਿ ਉਹ ਲਗਭਗ ਸਵੇਰੇ 11 ਵਜੇ ਥਾਣਾ ਬਾਲਿਆਂਵਾਲੀ ਪਹੁੰਚ ਗਈ। ਜਾਂਦਿਆਂ ਹੀ ਮਹਿਲਾ ਪੁਲਸ ਦੀਆਂ ਦੋ ਮੁਲਾਜ਼ਮਾਂ ਜਸਵੀਰ ਕੌਰ ਨੂੰ ਥਾਣੇ ''ਚ ਬਣੇ ਕਮਰੇ ''ਚ ਲੈ ਗਈਆਂ। ਮਲਕੀਤ ਕੌਰ ਮੁਤਾਬਕ ਜਦੋਂ ਪਹਿਲਾ ਪੁਲਸ ਜਸਵੀਰ ਤੋਂ ਬਿਆਨ ਲੈ ਰਹੀ ਸੀ ਤਾਂ ਉਸ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ।
ਜਸਵੀਰ ਦੀ ਮੌਤ ਤੋਂ ਬਾਅਦ ਪੀੜਤ ਪਰਿਵਾਰ ਨੇ ਫੈਸਲਾ ਲਿਆ ਹੈ ਕਿ ਜਦੋਂ ਤਕ ਮਾਮਲੇ ਨਾਲ ਸੰਬੰਧਤ ਪੁਲਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਖਿਲਾਫ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਉਦੋਂ ਤਕ ਭੋਗ ਨਹੀਂ ਪਾਉਣਗੇ। ਪੁਲਸ ਮੁਲਾਜ਼ਮਾਂ ਵਿਰੁੱਧ ਕਤਲ ਦਾ ਕੇਸ ਦਰਜ ਹੋਣ ਤੋਂ ਬਾਅਦ ਹੀ ਉਨ੍ਹਾਂ ਦੀ ਧੀ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ।

Gurminder Singh

This news is Content Editor Gurminder Singh