ਨਿਰਪੱਖ ਚੋਣ ਕਰਵਾਉਣ ਨੂੰ ਲੈ ਕੇ ਪਿੰਡ ਵਾਸੀਆਂ ਲਾਇਆ ਧਰਨਾ

07/19/2017 12:26:04 AM

ਮੋਗਾ,   (ਪਵਨ ਗਰੋਵਰ/ਗੋਪੀ ਰਾਊਕੇ)-  ਇੱਥੋਂ ਥੋੜ੍ਹੀ ਦੂਰੀ 'ਤੇ ਸਥਿਤ ਪਿੰਡ ਡਗਰੂ ਵਿਖੇ ਇਤਿਹਾਸਕ ਗੁਰਦੁਆਰਾ ਸ੍ਰੀ ਤੰਬੂ ਮੱਲ ਸਾਹਿਬ ਦੀ ਦੇਖ-ਰੇਖ ਲਈ ਬਣੀ ਗੁਰਦੁਆਰਾ ਕਮੇਟੀ ਨੂੰ ਭੰਗ ਕਰ ਕੇ ਨਵੀਂ ਕਮੇਟੀ ਦਾ ਗਠਨ ਕਰਨ ਲਈ ਪਿਛਲੇ ਕਰੀਬ 4 ਮਹੀਨਿਆਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਅੱਜ ਮੌਜੂਦਾ ਕਮੇਟੀ ਮੈਂਬਰਾਂ ਦੇ ਘਰ ਅੱਗੇ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਸਮੇਂ ਪਿੰਡ ਦੇ ਸਾਬਕਾ ਸਰਪੰਚ ਸੁਖਜਿੰਦਰ ਸਿੰਘ, ਦੇਵੀ ਦਿਆਲ ਸਿੰਘ, ਸਤਪਾਲ ਸਿੰਘ ਪ੍ਰਧਾਨ ਕ੍ਰਿਤੀ ਕਿਸਾਨ ਯੂਨੀਅਨ ਅਤੇ ਚਰਨਜੀਤ ਨੇ ਦੱਸਿਆ ਕਿ ਪਿਛਲੇ ਕਰੀਬ 5 ਸਾਲਾਂ ਤੋਂ ਇਤਿਹਾਸਕ ਗੁਰਦੁਆਰਾ ਸ੍ਰੀ ਤੰਬੂ ਮੱਲ ਸਾਹਿਬ ਦੀ ਚੱਲਦੀ ਆ ਰਹੀ ਪੁਰਾਣੀ ਗੁਰਦੁਆਰਾ ਕਮੇਟੀ ਨੂੰ ਭੰਗ ਕਰ ਕੇ ਨਵੀਂ ਕਮੇਟੀ ਦਾ ਗਠਨ ਕਰਨ ਲਈ ਕਰੀਬ 4 ਮਹੀਨਿਆਂ ਤੋਂ ਗੁਰਦੁਆਰਾ ਸਾਹਿਬ ਦੀ ਮੌਜੂਦਾ ਕਮੇਟੀ ਨਾਲ ਸੰਘਰਸ਼ ਚੱਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸਮੂਹ ਪਿੰਡ ਵਾਸੀ ਪੁਰਾਣੀ ਕਮੇਟੀ ਨੂੰ ਭੰਗ ਕਰ ਕੇ ਸੰਗਤਾਂ ਦੇ ਸਾਹਮਣੇ ਨਵੀਂ ਕਮੇਟੀ ਦਾ ਗਠਨ ਕਰਨਾ ਚਾਹੁੰਦੇ ਹਨ, ਜਦਕਿ ਗੁਰਦੁਆਰਾ ਸ੍ਰੀ ਤੰਬੂ ਮੱਲ ਸਾਹਿਬ ਦੀ ਮੌਜੂਦਾ ਕਮੇਟੀ ਅਜਿਹਾ ਕਰਨ ਤੋਂ ਪਾਸਾ ਵੱਟ ਰਹੀ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਗੁਰਦੁਆਰਾ ਸਾਹਿਬ ਦੀ ਮੌਜੂਦਾ ਕਮੇਟੀ ਨੇ ਬੰਦ ਕਮਰੇ 'ਚ ਨਵੀਂ ਕਮੇਟੀ ਦਾ ਗਠਨ ਕੀਤਾ ਸੀ ਅਤੇ ਉਨ੍ਹਾਂ ਪੁਰਾਣੇ ਮੈਂਬਰਾਂ ਨੂੰ ਹੀ ਮੁੜ ਤੋਂ ਉਸ ਕਮੇਟੀ ਵਿਚ ਰੱਖ ਲਿਆ ਪਰ ਸਮੂਹ ਪਿੰਡ ਵਾਸੀਆਂ ਨੇ ਬੰਦ ਕਮਰੇ ਵਿਚ ਬਣੀ ਇਸ ਕਮੇਟੀ ਨੂੰ ਨਾ-ਮਨਜ਼ੂਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀ ਬੰਦ ਕਮਰੇ 'ਚ ਬਣੀ ਕਮੇਟੀ ਨੂੰ ਮੰਨਣ ਨੂੰ ਤਿਆਰ ਨਹੀਂ ਹਨ। ਕਮੇਟੀ ਦੀ ਚੋਣ ਸਾਰੀ ਸੰਗਤ ਦੇ ਸਾਹਮਣੇ ਹੋਣੀ ਚਾਹੀਦੀ ਹੈ ਅਤੇ ਨਿਰਪੱਖ ਤਰੀਕੇ ਨਾਲ ਹੋਣੀ ਚਾਹੀਦੀ ਹੈ। 5 ਸਾਲ ਪੁਰਾਣੀ ਅਤੇ ਮੌਜੂਦਾ ਕਮੇਟੀ ਦੇ ਅਹੁਦੇਦਾਰ ਤਰਸੇਮ ਸਿੰਘ ਰੱਤੀਆ ਅਤੇ ਗੁਰਲਾਭ ਸਿੰਘ ਝੰਡੇਆਣਾ, ਜੋ ਐੱਸ. ਜੀ. ਪੀ. ਸੀ. ਮੈਂਬਰ ਹਨ, ਨਵੀਂ ਕਮੇਟੀ ਦੀ ਚੋਣ ਹੋਣ ਵਿਚ ਅੜਿੱਕਾ ਪਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਬਾਅਦ ਦੁਪਹਿਰ ਪਿੰਡ ਵਾਸੀ ਗੁਰਦੁਆਰਾ ਸਾਹਿਬ 'ਚ ਇਕੱਠੇ ਹੋਏ ਅਤੇ ਮੌਜੂਦਾ ਕਮੇਟੀ ਦਾ ਕੋਈ ਮੈਂਬਰ ਨਾ ਆਉਣ 'ਤੇ ਉਹ ਐੱਸ. ਜੀ. ਪੀ. ਸੀ. ਮੈਂਬਰ ਤਰਸੇਮ ਸਿੰਘ ਰੱਤੀਆ ਦੇ ਘਰ ਅੱਗੇ ਧਰਨਾ ਲਾਉਣ ਲਈ ਤੁਰ ਪਏ ਪਰ ਪੁਲਸ ਨੇ ਉਨ੍ਹਾਂ ਨੂੰ ਰਸਤੇ ਵਿਚ ਹੀ ਰੋਕ ਲਿਆ, ਜਿਸ ਕਾਰਨ ਪਿੰਡ ਵਾਸੀਆਂ ਨੇ ਉੱਥੇ ਪੁਲੀ 'ਤੇ ਜਾਮ ਲਾ ਕੇ ਧਰਨਾ ਦਿੱਤਾ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਨ੍ਹਾਂ ਪ੍ਰਸ਼ਾਸ਼ਨ ਤੋਂ ਮੰਗਾ ਕੀਤੀ ਕਿ ਗੁਰਦੁਆਰਾ ਸਾਹਿਬ ਦੀ ਮੌਜੂਦਾ ਕਮੇਟੀ ਨੂੰ ਭੰਗ ਕਰ ਕੇ ਪਾਰਦਰਸ਼ੀ ਢੰਗ ਨਾਲ ਸਮੂਹ ਸੰਗਤਾਂ ਦੇ ਸਾਹਮਣੇ ਨਵੀਂ ਕਮੇਟੀ ਦਾ ਗਠਨ ਕੀਤਾ ਜਾਵੇ।
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਮਾਣ ਦੇ ਸੀਨੀਅਰ ਆਗੂ ਅਮਰੀਕ ਸਿੰਘ ਅਜਨਾਲਾ, ਦਵਿੰਦਰ ਸਿੰਘ ਹਰੀਏਵਾਲਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਭਾਈ ਮੋਹਕਮ ਸਿੰਘ, ਰਣਜੀਤ ਸਿੰਘ, ਦਰਸ਼ਨ ਸਿੰਘ, ਜਗਸੀਰ ਸਿੰਘ, ਬੰਤ ਸਿੰਘ, ਬਲਵਿੰਦਰ ਸਿੰਘ, ਜਗਦੇਵ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਪਿੰਡ ਦੀਆਂ ਔਰਤਾਂ ਵੀ ਧਰਨੇ 'ਚ ਸ਼ਾਮਲ ਸਨ।