ਧਰਮ ਸਿੰਘ ਮਾਰਕੀਟ ''ਚ ਗੰਦਗੀ ਦੇ ਲੱਗੇ ਢੇਰ

03/18/2018 9:16:19 AM

ਅੰਮ੍ਰਿਤਸਰ (ਕਮਲ) - ਸ਼ਹਿਰ ਦੀ ਸਭ ਤੋਂ ਪੁਰਾਣੀ ਮਾਰਕੀਟ ਜਿਸ ਨੂੰ ਧਰਮ ਸਿੰਘ ਮਾਰਕੀਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਦੇ ਬਾਹਰ ਤਾਂ ਰੰਗ-ਬਿਰੰਗੇ ਪੱਥਰ ਲਾ ਕੇ ਸੋਹਣੀ ਦਿੱਖ ਬਣਾ ਦਿੱਤੀ ਗਈ ਹੈ ਤੇ ਇਥੇ ਕਈ ਵੱਡੇ ਆਫਿਸ ਤੇ ਦੁਕਾਨਾਂ ਵੀ ਹਨ ਪਰ ਮਾਰਕੀਟ ਦੇ ਚਾਰੇ ਪਾਸੇ ਅਤੇ ਅੰਦਰ ਗੰਦਗੀ ਦੇ ਢੇਰ ਲੱਗੇ ਹੋਏ ਹਨ। ਬਾਥਰੂਮ ਗੰਦਗੀ ਨਾਲ ਭਰੇ ਹੋਏ ਹਨ ਪਰ ਜ਼ਿਲਾ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਸਰਕਾਰ ਦੀ ਸਫਾਈ ਮੁਹਿੰਮ ਵੀ ਸ਼ਹਿਰ 'ਚ ਠੁੱਸ ਚੱਲ ਰਹੀ ਹੈ। ਧਰਮ ਸਿੰਘ ਮਾਰਕੀਟ ਨਗਰ ਸੁਧਾਰ ਟਰੱਸਟ ਦੇ ਅੰਡਰ ਹੈ ਪਰ ਸਫਾਈ ਦਾ ਮੰਦਾ ਹਾਲ ਹੈ। ਇਸ ਮਾਰਕੀਟ 'ਚ ਜਾਣ ਲਈ ਲੋਕਾਂ ਨੂੰ ਸੈਂਕੜੇ ਪੌੜੀਆਂ ਚੜ੍ਹਨੀਆਂ ਪੈਂਦੀਆਂ ਹਨ ਤੇ ਇਥੇ ਲੱਗੀ ਲਿਫਟ ਵੀ ਬੰਦ ਪਈ ਹੈ।
ਅੱਜ ਧਰਮ ਸਿੰਘ ਮਾਰਕੀਟ 'ਚ ਆਏ ਲਾਇਨ ਛਾਬੜਾ ਨੇ ਕਿਹਾ ਕਿ ਮਾਰਕੀਟ 'ਚ ਕੰਮ ਲਈ ਪੌੜੀਆਂ ਚੜ੍ਹਨੀਆਂ ਪੈਂਦੀਆਂ ਹਨ, ਜੋ ਲੋਕਾਂ ਲਈ ਕਾਫੀ ਤਕਲੀਫਦੇਹ ਹਨ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਲਿਫਟ ਨੂੰ ਚਾਲੂ ਕਰਵਾਏ ਤੇ ਜਿਸ ਤਰ੍ਹਾਂ ਬਾਹਰੋਂ ਮਾਰਕੀਟ ਸੋਹਣੀ ਦਿੱਸਦੀ ਹੈ, ਉਸੇ ਤਰ੍ਹਾਂ ਅੰਦਰੋਂ ਵੀ ਸੋਹਣੀ ਬਣਾਈ ਜਾਵੇ।