ਬਠਿੰਡਾ-ਜੰਮੂ ਉਡਾਣ ਨਾਲ ਵੈਸ਼ਨੂੰ ਦੇਵੀ ਜਾਣ ਵਾਲੇ ਸ਼ਰਧਾਲੂਆਂ ਨੂੰ ਸੌਖ ਹੋਵੇਗੀ : ਹਰਸਿਮਰਤ

02/05/2018 7:06:02 AM

ਚੰਡੀਗੜ੍ਹ (ਪਰਾਸ਼ਰ) - ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ 25 ਮਾਰਚ ਤੋਂ ਦੂਜੀ ਬਠਿੰਡਾ-ਜੰਮੂ ਉਡਾਣ ਸ਼ੁਰੂ ਕਰਨ ਵਾਸਤੇ ਹਰੀ ਝੰਡੀ ਦੇਣ ਲਈ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਿਵਲ ਆਵਾਜਾਈ ਮੰਤਰਾਲੇ ਦਾ ਧੰਨਵਾਦ ਕੀਤਾ। ਇਹ ਟਿੱਪਣੀ ਕਰਦਿਆਂ ਕਿ ਇਸ ਦੀ ਬਹੁਤ ਜ਼ਿਆਦਾ ਲੋੜ ਸੀ, ਕੇਂਦਰੀ ਮੰਤਰੀ ਨੇ ਕਿਹਾ ਕਿ ਜੰਮੂ ਵਾਸਤੇ ਦੂਜੀ ਉਡਾਣ ਸ਼ੁਰੂ ਹੋਣ ਨਾਲ ਬਠਿੰਡਾ ਇਕ ਵਪਾਰਕ ਅਤੇ ਉਦਯੋਗਿਕ ਗੜ੍ਹ ਵਜੋਂ ਹੋਰ ਮਜ਼ਬੂਤ ਹੋ ਕੇ ਉਭਰੇਗਾ। ਇਸ ਉਡਾਣ ਨਾਲ ਪੰਜਾਬ ਦੇ ਮਾਲਵਾ ਖੇਤਰ ਅਤੇ ਗੁਆਂਢੀ ਰਾਜਾਂ ਹਰਿਆਣਾ ਅਤੇ ਰਾਜਸਥਾਨ ਦੇ ਹਜ਼ਾਰਾਂ ਸ਼ਰਧਾਲੂਆਂ ਨੂੰ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਸਤੇ ਸੌਖ ਹੋ ਜਾਵੇਗੀ। ਬੀਬੀ ਬਾਦਲ ਨੇ ਕਿਹਾ ਕਿ ਉਹ ਬਠਿੰਡਾ ਤੋਂ ਨਾਂਦੇੜ ਸਾਹਿਬ ਵਾਸਤੇ ਉਡਾਣ ਸ਼ੁਰੂ ਕਰਵਾਉਣ ਲਈ ਪੂਰਾ ਜ਼ੋਰ ਲਾ ਰਹੇ ਹਨ ਤਾਂ ਕਿ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਆਸਾਨੀ ਹੋਵੇ।