ਸੀਵਰੇਜ ਦੇ ਬੰਦ ਹੋਣ ਕਾਰਨ ਸੰਗਤ ਮੰਡੀ ਦਾ ਮੁੱਖ ਬਾਜ਼ਾਰ ਗੰਦੇ ਪਾਣੀ ਨਾਲ ਭਰਿਆ

07/13/2018 3:01:08 AM

ਸੰਗਤ ਮੰਡੀ(ਮਨਜੀਤ)-ਸੰਗਤ ਮੰਡੀ ਵਾਸੀ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਦੇ ਬੰਦ ਹੋਣ ਕਾਰਨ ਭਾਰੀ ਪ੍ਰੇਸ਼ਾਨੀ ਦੇ ਆਲਮ ’ਚ ਹਨ। ਸੀਵਰੇਜ ਬੰਦ ਹੋਣ ਕਾਰਨ ਸੀਵਰੇਜ ਦਾ ਗੰਦਾ ਪਾਣੀ ਬਾਹਰ ਜਾਣ ਦੀ ਬਜਾਏ ਮੰਡੀ ਦੇ ਮੁੱਖ ਬਾਜ਼ਾਰ ’ਚ ਭਰਿਆ ਰਹਿੰਦਾ ਹੈ ਜਿਸ ਕਾਰਨ ਮੰਡੀ ਦੇ ਮੁੱਖ ਬਾਜ਼ਾਰ ’ਚ ਖਡ਼੍ਹੇ ਗੰਦੇ ਪਾਣੀ ਦੀ ਬਦਬੂ ਨੇ ਮੰਡੀ ਵਾਸੀਆਂ ਸਮੇਤ ਰਾਹਗੀਰਾਂ ਦਾ ਜਿਉਣਾ ਮੁਹਾਲ ਕੀਤਾ ਹੋਇਆ ਹੈ। ਸੀਵਰੇਜ ਦੇ ਬਜ਼ਾਰ ’ਚ ਖਡ਼੍ਹੇ ਗੰਦੇ ਪਾਣੀ ਤੋਂ ਦੁਖੀ ਅੱਜ ਮੰਡੀ ਵਾਸੀਆਂ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ ਮੁਨੀਸ਼ ਕੁਮਾਰ ਟਿੰਕੂ ਦੀ ਅਗਵਾਈ ਹੇਠ ਸੀਵਰੇਜ ਵਿਭਾਗ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਮੰਡੀ ਦੇ ਬਾਜ਼ਾਰ ’ਚ ਸੀਵਰੇਜ ਦਾ ਗੰਦਾ ਪਾਣੀ ਖਡ਼੍ਹਨ ਨਾਲ ਮੱਛਰ ਦੀ ਭਰਮਾਰ ਹੋ ਗਈ ਜਿਸ ਕਾਰਨ ਮੰਡੀ ਵਾਸੀਆਂ ਨੂੰ ਡੇਂਗੂ ਹੋਣ ਦਾ ਡਰ ਸਤਾ ਰਿਹਾ ਹੈ ਪਰ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਮੰਡੀ ਵਾਸੀਆਂ ਨੇ ਐਲਾਨ ਕੀਤਾ ਗਿਆ ਕਿ ਜੇਕਰ ਸੀਵਰੇਜ ਨੂੰ ਚਲਦੀ ਚਾਲੂ ਨਾ ਕੀਤਾ ਗਿਆ ਤਾਂ ਸਮੁੱਚੀ ਮੰਡੀ ਦਾ ਬਾਜ਼ਾਰ ਬੰਦ ਕਰਕੇ ਵਿਭਾਗ ਵਿਰੁੱਧ ਵੱਡਾ ਸੰਘਰਸ਼ ਵਿੱਢਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ। ਮੰਡੀ ਵਾਸੀਆਂ ਦਾ ਇਕ ਵਫ਼ਦ ਇਸ ਸਮੱਸਿਆ ਸਬੰਧੀ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਰਬਜੀਤ ਸਿੰਘ ਨੂੰ ਮਿਲੇ। ਇਸ ਸਬੰਧੀ ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ ਮੁਨੀਸ਼ ਕੁਮਾਰ ਟਿੰਕੂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿਛਲੇ ਲਗਭਗ ਇਕ ਮਹੀਨੇ ਤੋਂ ਸੰਗਤ ਮੰਡੀ ਦਾ ਸੀਵਰੇਜ ਸਿਸਟਮ ਬੰਦ ਪਿਆ ਹੈ ਜਿਸ ਕਾਰਨ ਸੀਵਰੇਜ ਦਾ ਗੰਦਾ ਪਾਣੀ ਬਾਹਰ ਜਾਣ ਦੀ ਬਜਾਏ ਮੰਡੀ ਦੇ ਮੁੱਖ ਬਾਜ਼ਾਰ ’ਚ ਭਰਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਸਬੰਧੀ ਸੀਵਰੇਜ ਵਿਭਾਗ ਦੇ ਕਰਮਚਾਰੀਆਂ ਨੂੰ ਮੰਡੀ ਵਾਸੀਆਂ ਵੱਲੋਂ ਬਹੁਤ ਵਾਰ ਮਿਲਿਆ ਜਾ ਚੁੱਕਿਆ ਹੈ ਪਰ ਉਨ੍ਹਾਂ ਵੱਲੋਂ ਹਰ ਵਾਰ ਸੀਵਰੇਜ ਦੀ ਜਲਦੀ ਸਮੱਸਿਆ ਹੱਲ ਹੋਣ ਦਾ ਲੋਲੀਪਾਪ ਦੇ ਦਿੱਤਾ ਜਾਂਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸੀਵਰੇਜ ਦੇ ਬਾਜ਼ਾਰ ’ਚ ਖਡ਼੍ਹੇ ਗੰਦੇ ਪਾਣੀ ’ਤੇ ਜਿਥੇ ਮੱਛਰ ਪੈਦਾ ਹੋ ਰਿਹਾ ਹੈ ਉਥੇ ਗੰਦੇ ਪਾਣੀ ਦੀ ਬਦਬੂ ਕਾਰਨ ਦੁਕਾਨਦਾਰਾਂ ਦਾ ਜਿਉਣਾ ਮੁਹਾਲ ਹੋਇਆ ਪਿਆ ਹੈ। ਉਨ੍ਹਾਂ ਦੱਸਿਆ ਕਿ ਸੀਵਰੇਜ ਸਿਸਟਮ ਦੀ ਜੋ ਵੱਡੀ ਮਸ਼ੀਨ ਵੱਲੋਂ ਸਫਾਈ ਕੀਤੀ ਜਾਣੀ ਹੁੰਦੀ ਹੈ ਵਿਭਾਗ ਕੋਲ ਉਹ ਮਸ਼ੀਨ ਨਹੀਂ ਹੈ, ਵਿਭਾਗ ਵੱਲੋਂ ਮੰਡੀ ਵਾਸੀਆਂ ਨੂੰ ਪਿਛਲੇ ਕਈ ਦਿਨਾਂ ਤੋਂ ਇਹ ਲਾਰੇ ਲਾਏ ਜਾ ਰਹੇ ਹਨ ਕਿ ਉਹ ਨਗਰ ਨਿਗਮ ਬਠਿੰਡਾ ਕੋਲੋ ਮਸ਼ੀਨ ਲਿਆ ਕੇ ਸੀਵਰੇਜ ਦੀ ਸਫਾਈ ਕਰਵਾਉਣਗੇ ਪਰ ਵਿਭਾਗ ਵੱਲੋਂ ਅੱਜ ਤੱਕ ਕੋਈ ਮਸ਼ੀਨ ਨਹੀਂ ਮੰਗਵਾਈ ਗਈ। ਇਸ ਮੌਕੇ ਚਰਨੀ, ਟੋਨੀ, ਦੀਪੂ, ਅੰਮਿਤ ਕੁਮਾਰ, ਸ਼ੰਟੀ, ਜੈਕੀ, ਮੋਜਾ ਅਤੇ ਚਰਨਦਾਸ ਮੌਜੂਦ ਸਨ। 
ਨਹਿਰੀ ਪਾਣੀ ਦੇ ਨਾਲ ਸੀਵਰੇਜ ਦਾ ਪਾਣੀ ਹੋ ਰਿਹਾ ਮਿਕਸ : ਗੋਲਡੀ
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੰਗਤ ਮੰਡੀ ਪ੍ਰਧਾਨ ’ਤੇ ਨਗਰ ਕੌਂਸਲ ਸੰਗਤ ਦੇ ਸਾਬਕਾ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਨੇ ਕਿਹਾ ਕਿ ਮੰਡੀ ਵਾਸੀਆਂ ਲਈ ਸੀਵਰੇਜ ਦੀ ਸਮੱਸਿਆ ਜੀਅ ਦਾ ਜੰਜਾਲ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਘਰਾਂ ’ਚ ਨਹਿਰੀ ਪਾਣੀ ਦੇ ਨਾਲ ਸੀਵਰੇਜ ਦਾ ਗੰਦਾ ਪਾਣੀ ਵੀ ਮਿਕਸ ਹੋ ਰਿਹਾ ਹੈ ਜਿਸ ਕਾਰਨ ਮੰਡੀ ਦੇ ਕਈ ਵਿਅਕਤੀਆਂ ਨੂੰ ਪੇਟ ’ਚ ਦਰਦ ਦੀ ਸਮੱਸਿਆ ਪੈਦਾ ਹੋ ਗਈ। ਉਨ੍ਹਾਂ ਕਿਹਾ ਕਿ ਮੰਡੀ ’ਚ ਸੀਵਰੇਜ ਸਿਸਟਮ ਪੂਰੀ ਤਰ੍ਹਾਂ ਫੇਲ ਹੋ ਚੁੱਕਿਆ ਹੈ ਅਤੇ ਸੀਵਰੇਜ ਵਿਭਾਗ ਦੇ ਕਰਮਚਾਰੀ ਵੀ ਸੀਵਰੇਜ ਸਿਸਟਮ ਨੂੰ ਠੀਕ ਕਰਨ ਦੀ ਬਜਾਏ ਘੇਸ਼ ਵੱਟੀ ਬੈਠੇ ਹਨ।