ਹਰ ਵਾਰ ਸੜਕਾਂ ''ਤੇ ਵਿਛਾ ਦਿੱਤੀ ਜਾਂਦੀ ਹੈ ''ਮੌਤ''

04/25/2018 6:38:25 AM

ਔੜ(ਛਿੰਜੀ ਲੜੋਆ)- ਆਪਣੇ ਲਾਭ ਲਈ ਭਾਵੇਂ ਦੂਜੇ ਵਿਅਕਤੀ ਦਾ ਜਿੰਨਾ ਮਰਜ਼ੀ ਨੁਕਸਾਨ ਕਿਉਂ ਨਾ ਹੋ ਜਾਵੇ ਇਹ ਸਾਡੀ ਆਦਤ 'ਚ ਸ਼ਾਮਲ ਹੋ ਚੁੱਕਾ ਹੈ। ਇਸੇ ਤਰ੍ਹਾਂ ਦੀ ਉਦਹਾਰਣ ਅੱਜਕਲ ਪਿੰਡਾਂ ਦੀਆਂ ਲਿੰਕ ਸੜਕਾਂ ਤੋਂ ਆਮ ਦੇਖਣ ਨੂੰ ਮਿਲ ਰਹੀ ਹੈ। ਅੱਜਕਲ ਕਣਕ ਦੀ ਕਟਾਈ ਦਾ ਸੀਜ਼ਨ ਚੱਲ ਰਿਹਾ ਹੈ ਤੇ ਕੁਝ ਲੋਕ ਕਣਕ ਦੀ ਵਾਢੀ ਦੀ ਰਹਿੰਦ-ਖੂੰਹਦ 'ਚੋਂ ਕਣਕ ਦੇ ਛਿੱਟੇ ਚੁੱਘ ਲੈਂਦੇ ਹਨ ਤੇ ਉਨ੍ਹਾਂ ਨੂੰ ਭਾਰੀ ਮਾਤਰਾ 'ਚ ਇਕੱਠਾ ਕਰ ਕੇ ਸੜਕਾਂ ਵਿਚਕਾਰ ਰੱਖ ਰਹੇ ਹਨ ਤਾਂ ਜੋ ਉਨ੍ਹਾਂ ਦੇ ਉਪਰੋਂ ਗੱਡੀਆਂ ਆਦਿ ਲੰਘਣ ਨਾਲ ਛਿੱਟਿਆਂ 'ਚੋਂ ਦਾਣੇ ਨਿਕਲ ਸਕਣ। ਪਰ ਇਹ ਜਦੋਂ ਸੜਕ ਵਿਚਕਾਰ ਦਾਣਿਆਂ ਦੀਆਂ ਢੇਰੀਆਂ ਬਣ ਜਾਂਦੀਆਂ ਹਨ ਤਾਂ ਦੋਪਹੀਆ ਵਾਹਨਾਂ ਲਈ ਇਸ ਉਪਰੋਂ ਲੰਘਣਾ ਖਤਰੇ ਤੋਂ ਖਾਲੀ ਨਹੀਂ ਹੁੰਦਾ ਕਿਉਂਕਿ ਦਾਣਿਆਂ ਤੋਂ ਦੋਪਹੀਆ ਵਾਹਨ ਸਲਿੱਪ ਕਰ ਜਾਂਦਾ ਹੈ ਤੇ ਡਿੱਗਣ ਨਾਲ ਸੱਟ ਲੱਗ ਸਕਦੀ ਹੈ। ਇਲਾਕੇ ਦੇ ਪਿੰਡ 'ਚ ਅਜਿਹੀ ਤਿਲਕਣਬਾਜ਼ੀ ਨਾਲ ਮੌਤ ਦੀ ਘਟਨਾ ਵੀ ਹੋ ਚੁੱਕੀ ਹੈ ਤੇ ਦਾਣਿਆਂ ਤੋਂ ਸਲਿੱਪ ਕਰ ਕੇ ਦੋਪਹੀਆ ਵਾਹਨਾਂ ਦੇ ਡਿੱਗਣ ਦੀਆਂ ਛੋਟੀਆਂ-ਮੋਟੀਆਂ ਘਟਨਾਵਾਂ ਤਾਂ ਹਰ ਰੋਜ਼ ਹੀ ਵਾਪਰ ਰਹੀਆਂ ਹਨ, ਪਰ ਫਿਰ ਵੀ ਕੋਈ ਸਿੱਖਿਆ ਨਹੀਂ ਲਈ ਜਾ ਰਹੀ ਜਦਕਿ ਚਾਹੀਦਾ ਹੈ ਕਿ ਛਿੱਟਿਆਂ ਨੂੰ ਇਕੱਠਾ ਕਰ ਕੇ ਬਾਅਦ 'ਚ ਥ੍ਰੈਸ਼ਰ ਨਾਲ ਉਨ੍ਹਾਂ 'ਚੋਂ ਦਾਣੇ ਕੱਢੇ ਜਾਣ। ਭਾਵੇਂ ਬਹੁਤੇ ਲੋਕਾਂ ਦੀ ਮੰਗ ਹੈ ਕਿ ਪਿੰਡਾਂ ਦੀਆਂ ਪੰਚਾਇਤਾਂ ਦਖਲਅੰਦਾਜ਼ੀ ਕਰ ਕੇ ਇਸ ਤਰ੍ਹਾਂ ਕਰਨ ਵਾਲਿਆਂ ਨੂੰ ਰੋਕਣ ਪਰ ਦੁਰਘਟਨਾਵਾਂ ਦੇ ਬਾਵਜੂਦ ਵੀ ਇਹ ਸਿਲਸਿਲਾ ਬੰਦ ਨਹੀਂ ਹੋ ਰਿਹਾ।